
ਜਾਂਚ ਦੌਰਾਨ ਪੁਲਿਸ ਨੂੰ ਲੰਗਰ ਹਾਲ ’ਚੋਂ ਆਰ.ਡੀ.ਐਕਸ ਨਹੀਂ ਹੋਇਆ ਬਰਾਮਦ
Takht Sri Patna Sahib news: ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਬੀਤੀ ਦੇਰ ਰਾਤ ਆਰ.ਡੀ.ਐਕਸ. ਨਾਲ ਉਡਾਣ ਦੀ ਧਮਕੀ ਮਿਲੀ। ਧਮਕੀ ਈਮੇਲ ਰਾਹੀਂ ਮਿਲੀ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹੜਕੰਪ ਮਚ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਧਿਕਾਰਕ ਈਮੇਲ ’ਤੇ ਇਕ ਸ਼ੱਕੀ ਈਮੇਲ ਪ੍ਰਾਪਤ ਹੋਈ। ਜਿਸ ’ਚ ਲੰਗਰ ਹਾਲ ’ਚ ਚਾਰ ਆਰ.ਡੀ.ਐਕਸ. ਲਗਾਏ ਜਾਣ ਦੀ ਗੱਲ ਲਿਖੀ ਗਈ ਸੀ। ਜਿਸ ਤਰ੍ਹਾਂ ਹੀ ਈਮੇਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਪੜ੍ਹਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਟਨਾ ਪੁਲਿਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਅਤੇ ਲੰਗਰ ਹਾਲ ’ਚ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਲੰਗਰ ਹਾਲ ’ਚੋਂ ਕੋਈ ਵੀ ਵਿਸਫ਼ੋਟਕ ਪਦਾਰਥ ਬਰਾਮਦ ਨਹੀਂ ਹੋਇਆ। ਪਰ ਚੌਕਸੀ ਦੇ ਆਧਾਰ ’ਤੇ ਗੁਰਦੁਆਰਾ ਅਤੇ ਆਸ-ਪਾਸ ਦੇ ਇਲਾਕੇ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ।
ਉਧਰ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸੋਮਵਾਰ ਨੂੰ ਤਖ਼ਤ ਸਾਹਿਬ ਦੀ ਡਾਕ ’ਤੇ ਇੱਕ ਡਾਕ ਭੇਜੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਤੁਹਾਡੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਚਾਰ ਆਰਡੀਐਕਸ ਆਧਾਰਿਤ ਐਲਈਡੀਐਸ ਮੌਜੂਦ ਹਨ।
ਇਸ ਡਾਕ ਦੇ ਮਿਲਣ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਸੁਪਰਡੈਂਟ, ਸਹਾਇਕ ਮੈਨੇਜਰ, ਆਈਟੀ ਨਾਲ ਸਬੰਧਤ ਆਦਿ ਵਿੱਚ ਦਹਿਸ਼ਤ ਫੈਲ ਗਈ। ਇਹ ਜਾਣਕਾਰੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਬੰਬ ਸਕੁਐਡ, ਸਰਚ ਸਕੁਐਡ ਅਤੇ ਹੋਰ ਟੀਮਾਂ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚੀਆਂ ਅਤੇ ਆਰਡੀਐਕਸ ਅਤੇ ਬੰਬ ਆਦਿ ਦੀ ਭਾਲ ਲਈ ਮੁਹਿੰਮ ਸ਼ੁਰੂ ਹੋ ਗਈ।
ਦੇਰ ਸ਼ਾਮ ਤੱਕ ਅਜਿਹੀ ਕੋਈ ਵੀ ਵਿਸਫੋਟਕ ਸਮੱਗਰੀ ਲੰਗਰ ਹਾਲ ’ਚੋਂ ਨਹੀਂ ਮਿਲੀ। ਪਰ ਇੱਥੇ ਅਧਿਕਾਰੀਆਂ, ਵਰਕਰਾਂ ਅਤੇ ਸੇਵਾਦਾਰਾਂ ਵਿੱਚ ਡਰ ਦਾ ਮਾਹੌਲ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪਰਿਸਰ ਤੋਂ ਬਾਹਰ ਰਹਿਣ ਵਾਲੇ ਸ਼ਰਧਾਲੂਆਂ ਵਿੱਚ ਵੀ ਦਹਿਸ਼ਤ ਹੈ। ਜਿਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਡੀਐਸਪੀ-2 ਡਾ. ਗੌਰਵ ਕੁਮਾਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਇੱਕ ਮੇਲ ਭੇਜਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਲੰਗਰ ਦੇ ਨੇੜੇ ਚਾਰ ਆਰ.ਡੀ.ਐਕਸ. ਸਨ। ਇਹ ਮੇਲ ਜਾਂਚ ਲਈ ਸਾਈਬਰ ਸੈੱਲ ਨੂੰ ਦਿੱਤਾ ਗਿਆ ਹੈ।
ਸੁਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਭੇਜਣ ਵਾਲੇ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਬਾਅਦ ਇੱਥੋਂ ਸ਼ਹੀਦੀ ਜਾਗ੍ਰਿਤੀ ਯਾਤਰਾ ਸ਼ੁਰੂ ਹੋਣੀ ਹੈ ਜਿਸ ’ਚ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੇ ਮੰਤਰੀ ਮੰਡਲ ਸਮੇਤ ਕਈ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਪਹੁੰਚਣ ਵਾਲੀਆਂ ਹਨ, ਦੇਸ਼-ਵਿਦੇਸ਼ ਤੋਂ ਵੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਆਉਂਦੇ ਹਨ, ਅਜਿਹੀ ਸਥਿਤੀ ਵਿੱਚ ਅਜਿਹੀਆਂ ਧਮਕੀਆਂ ਮਿਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ।