ਮਹਾਂਗੱਠਜੋੜ ਦੇਸ਼ ਨੂੰ ਇਕਜੁੱਟ ਕਰਨ ਲਈ ਵਚਨਬੱਧ
ਕਿਸ਼ਨਗੰਜ : ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਮਹਾਂਗੱਠਜੋੜ ਦੇਸ਼ ਨੂੰ ਇਕਜੁੱਟ ਕਰਨ ਲਈ ਵਚਨਬੱਧ ਹੈ।
ਬਿਹਾਰ ਦੇ ਕਿਸ਼ਨਗੰਜ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਅਸੀਂ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੂਨ ਵਿਚ ਨਫ਼ਰਤ ਹੈ, ਪਰ ਮੇਰੇ ਖੂਨ ’ਚ ਦੇਸ਼ ਨੂੰ ਇੱਕਜੁੱਟ ਕਰਨ ਦਾ ਜਨੂੰਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਸਮਾਜ ਵਿੱਚ ਡਰ ਅਤੇ ਨਫ਼ਰਤ ਦਾ ਮਾਹੌਲ ਪੈਦਾ ਕਰਕੇ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਇੱਕ ਦੂਜੇ ਤੋਂ ਡਰਨ ਅਤੇ ਨਫ਼ਰਤ ਕਰਨ ਤਾਂ ਜੋ ਉਹ ਸੱਤਾ ਵਿੱਚ ਰਹਿ ਸਕਣ।
ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਬਿਹਾਰ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਇੱਥੇ ਉਦਯੋਗ ਲਗਾਉਣ ਲਈ ਕੋਈ ਜ਼ਮੀਨ ਨਹੀਂ ਹੈ। ਪਰ ਜਦੋਂ ਅਡਾਨੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਜ਼ਮੀਨ ਦਿੱਤੀ ਜਾਂਦੀ ਹੈ। ਬਿਹਾਰ ਵਿੱਚ ਇੱਕ ਵੀ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਹੈ, ਹਾਲਾਂਕਿ ਇੱਥੋਂ ਦੇ ਕਿਸਾਨਾਂ ਵਿੱਚ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਬਿਹਾਰ ਦੀ ਸ਼ਾਨਦਾਰ ਵਿਦਿਅਕ ਪਰੰਪਰਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਰਾਜ ਕਦੇ ਗਿਆਨ ਅਤੇ ਸਿੱਖਿਆ ਦਾ ਕੇਂਦਰ ਸੀ।
ਉਨ੍ਹਾਂ ਕਿਹਾ ਕਿ ਨਾਲੰਦਾ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਸ਼ਹੂਰ ਵਿਦਿਅਕ ਸੰਸਥਾ ਸੀ, ਜਿੱਥੇ ਵਿਦੇਸ਼ਾਂ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਸਨ। ਅੱਜ ਉਹੀ ਬਿਹਾਰ ਬੇਰੁਜ਼ਗਾਰੀ, ਗਰੀਬੀ ਅਤੇ ਪ੍ਰਵਾਸ ਲਈ ਜਾਣਿਆ ਜਾਂਦਾ ਹੈ ਜੋ ਕਿ ਬਹੁਤ ਦੁਖਦਾਈ ਹੈ।
ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਨੌਂ ਸਾਲਾਂ ਦੇ ਸ਼ਾਸਨ ਨੇ ਸਿਰਫ ਕੁਝ ਉਦਯੋਗਪਤੀਆਂ ਨੂੰ ਲਾਭ ਪਹੁੰਚਾਇਆ ਹੈ, ਜਦੋਂ ਕਿ ਆਮ ਲੋਕਾਂ ਦੀਆਂ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ‘ਸਬਕਾ ਸਾਥ, ਸਬਕਾ ਵਿਕਾਸ’ ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦਾ ਸਾਰਾ ਧਿਆਨ ਕੁਝ ਚੋਣਵੇਂ ਲੋਕਾਂ ਦੇ ਵਿਕਾਸ ’ਤੇ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਲੋਕ ਇਸ ਵਾਰ ਭਾਜਪਾ ਅਤੇ ਐਨਡੀਏ ਨੂੰ ਢੁਕਵਾਂ ਜਵਾਬ ਦੇਣਗੇ ਅਤੇ ‘ਭਾਰਤ’ ਗੱਠਜੋੜ ਨੂੰ ਭਾਰੀ ਸਮਰਥਨ ਮਿਲੇਗਾ।
