
ਆਈਆਰਸੀਟੀਸੀ ਘੋਟਾਲੇ ’ਚ ਲਾਲੂ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਖਿਲਾਫ਼ ਆਰੋਪ ਹੋਏ ਤੈਅ
ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੇ ਰਾਊਸ ਐਵੇਨਿਊ ਸਥਿਤ ਵਿਸ਼ੇਸ਼ ਜੱਜ ਦੀ ਅਦਾਲਤ ਨੇ ਸੋਮਵਾਰ ਨੂੰ ਆਈਆਰਸੀਟੀਸੀ ਹੋਟਲ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 420, 120 ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਦੋਸ਼ ਤੈਅ ਕੀਤੇ।
ਅਦਾਲਤ ਨੇ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਵਿਰੁੱਧ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਵੀ ਤੈਅ ਕੀਤੇ। ਅਦਾਲਤ ਨੇ ਤਿੰਨਾਂ ਦੋਸ਼ੀਆਂ ਤੋਂ ਪੁੱਛਿਆ ਕੀ ਤੁਸੀਂ ਖੁਦ ਨੂੰ ਦੋਸ਼ੀ ਮੰਨਦੇ ਹੋ ਜਾਂ ਮੁਕੱਦਮੇ ਦਾ ਸਾਹਮਣਾ ਕਰੋਗੇ? ਤਿੰਨੋਂ ਆਰੋਪੀਆਂ ਨੇ ਆਪਣੇ ’ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ ਅਤੇ ਆਰੋਪਾਂ ਨੂੰ ਉਚ ਅਦਾਲਤ ਵਿਚ ਚੁਣੌਤੀ ਦੇਣਗੇ।
ਸੀਬੀਆਈ ਅਨੁਸਾਰ ਹੋਟਲਾਂ ਨੂੰ ਲੀਜ਼ ’ਤੇ ਦੇਣ ਦੀ ਪ੍ਰਕਿਰਿਆ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਅਤੇ ਟੈਂਡਰ ਵਿਨੈ ਕੋਚਰ ਦੀ ਕੰਪਨੀ ਮੈਸਰਜ਼ ਸੁਜਾਤਾ ਹੋਟਲਜ਼ ਨੂੰ ਦਿੱਤਾ ਗਿਆ ਸੀ। ਪ੍ਰਾਪਤ ਹੋਈ ਰਿਪੋਰਟ ਅਨੁਸਾਰ ਟੈਂਡਰ ਪ੍ਰਕਿਰਿਆ ਨੂੰ ਜਾਣ ਬੁੱਝ ਕੇ ਆਪਣੇ ਤਰੀਕੇ ਨਾਲ ਤਿਆਰ ਕੀਤਾ ਅਤੇ ਇਸ ’ਚ ਉਸ ਸਮੇਂ ਦ ਆਈਆਰਸੀਟੀਸੀ ਦੇ ਐਮਡੀ ਪੀ.ਕੇ. ਗੋਇਲ ਦੀ ਭੂਮਿਕਾ ਸੀ।
ਜ਼ਿਕਰਯੋਗ ਹੈ ਕਿ 17 ਜੁਲਾਈ 2017 ਨੂੰ ਸੀਬੀਆਈ ਨੇ ਲਾਲੂ ਯਾਦਵ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਵਿਜੇ ਅਤੇ ਵਿਨੈ ਕੋਚਰ ਸਮੇਤ ਕਈ ਮੁਲਜ਼ਮਾਂ ਦੇ 12 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਸੀਬੀਆਈ ਨੇ ਆਰੋਪ ਲਗਾਇਆ ਕਿ ਕੋਚਰ ਭਰਾਵਾਂ ਨੂੰ ਹੋਟਲ ਲੀਜ਼ ’ਤੇ ਦਿਵਾਉਣ ਬਦਲੇ ਲਾਲੂ ਯਾਦਵ ਦੇ ਪਰਿਵਾਰ ਨੂੰ ਪਟਨਾ ਵਿੱਚ ਤਿੰਨ ਏਕੜ ਜ਼ਮੀਨ ਮਿਲੀ। ਇਹ ਜ਼ਮੀਨ ਪਹਿਲਾਂ ਸਰਲਾ ਗੁਪਤਾ ਦੀ ਕੰਪਨੀ ਨੂੰ ਦਿੱਤੀ ਗਈ ਸੀ, ਜਿਸਨੂੰ ਬਾਅਦ ਵਿੱਚ ਲਾਲੂ ਦੀ ਪਤਨੀ, ਰਾਬੜੀ ਦੇਵੀ ਅਤੇ ਪੁੱਤਰ ਤੇਜਸਵੀ ਯਾਦਵ ਨੇ ਹਾਸਲ ਕਰ ਲਿਆ। ਇਸ ਜ਼ਮੀਨ ’ਤੇ ਬਿਹਾਰ ਦਾ ਸਭ ਤੋਂ ਵੱਡਾ ਮਾਲ ਬਣ ਰਿਹਾ ਹੈ।