ਧੁੰਦ ਕਾਰਨ ਬਿਹਾਰ ਆਉਣ ਵਾਲੀਆਂ 10 ਰੇਲ ਗੱਡੀਆਂ ਲੇਟ
ਪਟਨਾ : ਮੌਸਮ ਵਿਭਾਗ ਅਨੁਸਾਰ ਪਟਨਾ ਵਿੱਚ ਸਵੇਰ ਅਤੇ ਸ਼ਾਮ ਨੂੰ ਠੰਢ ਜਾਰੀ ਹੈ । ਦੋ ਦਿਨਾਂ ਬਾਅਦ ਪਟਨਾ ਸਮੇਤ ਸੂਬੇ ਭਰ ’ਚ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਦਾ ਪ੍ਰਭਾਵ 27-28 ਨਵੰਬਰ ਤੱਕ ਦਿਖਾਈ ਦੇਵੇਗਾ । ਹਲਕੇ ਬੱਦਲ ਬਣੇ ਰਹਿਣਗੇ ਜਿਸ ਨਾਲ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਹੋਣ ਦੀ ਸੰਭਾਵਨਾ ਹੈ । ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ 24 ਨਵੰਬਰ ਤੋਂ ਬਾਅਦ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ।
ਧੁੰਦ ਕਾਰਨ ਬਿਹਾਰ ਵਿੱਚ ਲਗਭਗ 10 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ, ਮੁੰਬਈ ਅਤੇ ਕੋਲਕਾਤਾ ਜਾਣ ਵਾਲੀਆਂ ਰੇਲਗੱਡੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਮੌਸਮ ਵਿਗਿਆਨ ਕੇਂਦਰ ਅਨੁਸਾਰ ਸ਼ਨੀਵਾਰ ਨੂੰ ਸਭ ਤੋਂ ਵੱਧ ਤਾਪਮਾਨ ਫਾਰਬਿਸਗੰਜ ’ਚ 30.4 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਤਾਪਮਾਨ ਗਯਾਜੀ ਵਿੱਚ 13.2 ਡਿਗਰੀ ਦਰਜ ਕੀਤਾ ਗਿਆ, ਜੋ ਪੂਰੇ ਸੂਬੇ ’ਚ ਸਭ ਤੋਂ ਘੱਟ ਰਿਹਾ । ਪਟਨਾ ਵਿੱਚ ਵੱਧ ਤੋਂ ਵੱਧ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਪੂਰਬੀ ਬਿਹਾਰ ਦੇ ਪੂਰਨੀਆ ਵਿੱਚ ਸਵੇਰੇ ਹਲਕੀ ਧੁੰਦ ਛਾਈ ਰਹੀ ਅਤੇ ਵਿਜੀਬਿਲਟੀ ਲਗਭਗ 700 ਮੀਟਰ ਤੱਕ ਸੀਮਤ ਹੋ ਗਈ । ਹਾਲਾਂਕਿ ਧੁੰਦ ਘੱਟ ਹੋਣ ਦੇ ਕਾਰਨ ਸੜਕ ਅਤੇ ਹਵਾਈ ਆਵਾਜਾਈ ’ਤੇ ਕੋਈ ਖਾਸ ਅਸਰ ਨਹੀਂ ਪਿਆ।
ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਗਲੇ 3-4 ਦਿਨਾਂ ’ਚ ਦਿਨ ਦੇ ਤਾਪਮਾਨ ਵਿੱਚ ਕੋਈ ਜ਼ਿਆਦਾ ਉਤਰਾਅ-ਚੜ੍ਹਾਅ ਦੇਖਣ ਨੂੰ ਨਹੀਂ ਮਿਲੇਗਾ । ਧੁੱਪ ਹਲਕੀ ਰਹੇਗੀ ਅਤੇ ਦਿਨ ’ਚ ਮੌਸਮ ਕੁੱਝ ਹੱਦ ਤੱਕ ਠੀਕ ਮਹਿਸੂਸ ਹੋਵੇਗਾ। ਪਰ ਰਾਤ ਦੇ ਤਾਪਮਾਨ ’ਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।
ਅਨੁਮਾਨ ਹੈ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਤੱਕ ਡਿੱਗ ਕਦਾ ਹੈ। ਇਹ ਬਦਲਾਅ ਮੁੱਖ ਰੂਪ ਨਾਲ ਉਤਰ-ਪੱਛਮ ਤੋਂ ਚੱਲਣ ਵਾਲੀਆਂ ਖੁਸ਼ਕ ਅਤੇ ਠੰਡੀਆਂ ਹਵਾਵਾਂ ਕਾਰਨ ਹੈ, ਜੋ ਬਿਹਾਰ ਵਿੱਚ ਠੰਡੇ ਮੌਸਮ ਨੂੰ ਮਜ਼ਬੂਤ ਕਰ ਰਹੀਆਂ ਹਨ।
