''ਬਿਹਾਰ ਨੂੰ ਅਗਲੇ ਪੰਜ ਸਾਲਾਂ ਵਿਚ ‘ਇਕ ਬੈਕ-ਐਂਡ ਹੱਬ ਅਤੇ ਗਲੋਬਲ ਵਰਕਪਲੇਸ’ ਵਜੋਂ ਵਿਕਸਤ ਕੀਤਾ ਜਾਵੇਗਾ''
ਪਟਨਾ : ਬਿਹਾਰ ਵਿਚ ਨਵੀਂ ਬਣੀ ਕੈਬਨਿਟ ਨੇ ਮੰਗਲਵਾਰ ਨੂੰ ਅਪਣੀ ਪਹਿਲੀ ਬੈਠਕ ਕੀਤੀ ਅਤੇ ਅਗਲੇ ਪੰਜ ਸਾਲਾਂ ’ਚ ਸੂਬੇ ਦੇ ਨੌਜੁਆਨਾਂ ਨੂੰ ਇਕ ਕਰੋੜ ਨੌਕਰੀਆਂ ਦੇਣ ਦਾ ਫੈਸਲਾ ਕੀਤਾ।
ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਸਕੱਤਰ ਪ੍ਰਤਯਯ ਅਮਿ੍ਰਤ ਨੇ ਕਿਹਾ ਕਿ ਵਿਆਪਕ ਰੁਜ਼ਗਾਰ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਉਤੇ ਚਰਚਾ ਦਾ ਮੁੱਖ ਕੇਂਦਰ ਸੀ।
ਉਨ੍ਹਾਂ ਨੇ ਕਿਹਾ, ‘‘ਬਿਹਾਰ ਨੂੰ ਪੂਰਬੀ ਭਾਰਤ ਦਾ ‘ਟੈੱਕ ਹੱਬ’ ਬਣਾਉਣ ਲਈ ਇਕ ਰੱਖਿਆ ਗਲਿਆਰਾ, ਸੈਮੀਕੰਡਕਟਰ ਨਿਰਮਾਣ ਪਾਰਕ, ਗਲੋਬਲ ਸਮਰੱਥਾ ਕੇਂਦਰ, ਮੈਗਾ ਟੈੱਕ ਸਿਟੀ ਅਤੇ ਫਿਟਨੈਸ ਸਿਟੀ ਸਥਾਪਿਤ ਕੀਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਨਵੇਂ ਯੁੱਗ ਦੀ ਆਰਥਕਤਾ ਤਹਿਤ, ਬਿਹਾਰ ਨੂੰ ਅਗਲੇ ਪੰਜ ਸਾਲਾਂ ਵਿਚ ‘ਇਕ ਬੈਕ-ਐਂਡ ਹੱਬ ਅਤੇ ਗਲੋਬਲ ਵਰਕਪਲੇਸ’ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਰਪਿਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
