
ਪੰਜ ਸਾਲਾਂ ਦੀ ਪੂਰਵ ਸੰਧਿਆ ਦੇ ਕੁਲ ਆਰਡਰਾਂ ਬਰਾਬਰ ਆਰਡਰ ਇਕ ਦਿਨ ’ਚ ਹੀ ਮਿਲੇ ਜ਼ੋਮੈਟੋ ਨੂੰ
- ਵਿਸ਼ਵ ਕੱਪ ਫ਼ਾਈਨਲ ਤੋਂ ਵੱਧ ਆਰਡਰ ਮਿਲੇ ਸਵਿੱਗੀ ਨੂੰ
ਨਵੀਂ ਦਿੱਲੀ: ਖਾਣਪੀਣ ਅਤੇ ਜ਼ਰੂਰਤ ਦੇ ਸਾਮਾਨ ਦੀ ਆਨਲਾਈਨ ਵਿਕਰੀ ਕਰਨ ਵਾਲੇ ਜ਼ੋਮੈਟੋ, ਬਲਿੰਕਿਟ ਅਤੇ ਸਵਿੱਗੀ ਵਰਗੇ ਮੰਚਾਂ ’ਚ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਆਰਡਰ ’ਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ।
ਇਨ੍ਹਾਂ ਤੁਰਤ ਸਪਲਾਈ ਮੰਚਾਂ ਦੇ ਚੋਟੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਪ੍ਰਾਪਤ ਆਰਡਰਾਂ ਦੇ ਰੁਝਾਨ ਬਾਰੇ ਇਹ ਜਾਣਕਾਰੀ ਦਿਤੀ ।
ਜ਼ੋਮੈਟੋ ਦੇ ਸੀ.ਈ.ਓ. ਦੀਪਇੰਦਰ ਗੋਇਲ ਨੇ ਅਪਣੀ ਪੋਸਟ ’ਚ ਕਿਹਾ ਕਿ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਉਨ੍ਹਾਂ ਦੇ ਮੰਚ ਨੂੰ 2015 ਤੋਂ ਲੈ ਕੇ 2020 ਦੌਰਾਨ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਕੁਲ ਮਿਲਾ ਕੇ ਮਿਲੇ ਆਰਡਰਾਂ ਜਿੰਨੇ ਹੀ ਆਰਡਰ ਮਿਲੇ ਹਨ। ਗੋਇਲ ਨੇ ਇਸ ਨੂੰ ਇਕ ਦਿਲਚਸਪ ਅੰਕੜਾ ਦਸਿਆ ਅਤੇ ਕਿਹਾ ਕਿ ਜ਼ੋਮੈਟੋ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹੈ।
ਜ਼ੋਮੈਟੋ ਦੀ ਮਲਕੀਅਤ ਵਾਲੇ ਇੰਸਟੈਂਟ ਕਾਮਰਸ ਡਿਲੀਵਰੀ ਮੰਚ ਬਲਿੰਕਿਟ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਅਲਬਿੰਦਰ ਢੀਂਡਸਾ ਨੇ ਇਕ ਪੋਸਟ ਵਿਚ ਕਿਹਾ ਕਿ ਉਸ ਨੂੰ ਇਕ ਦਿਨ ਵਿਚ ਹੁਣ ਤਕ ਦੇ ਸੱਭ ਤੋਂ ਵੱਧ ਆਰਡਰ ਅਤੇ ਪ੍ਰਤੀ ਮਿੰਟ ਆਰਡਰ ਮਿਲੇ ਹਨ।
ਦੂਜੇ ਪਾਸੇ ਆਨਲਾਈਨ ਡਿਲੀਵਰੀ ਮੰਚ ਸਵਿੱਗੀ ਦੇ ਸੀ.ਈ.ਓ. ਰੋਹਿਤ ਕਪੂਰ ਨੇ ਵੀ ਕਿਹਾ ਕਿ ਨਵੇਂ ਸਾਲ ਦੀ ਪੂਰਵ ਸੰਧਿਆ ਨੇ ਸਵਿੱਗੀ ਫੂਡ ਐਂਡ ਇੰਸਟਾਮਾਰਟ ਦੇ ਸਾਰੇ ਰੀਕਾਰਡ ਤੋੜ ਦਿਤੇ ਹਨ। ਉਨ੍ਹਾਂ ਕਿਹਾ, ‘‘ਮੈਂ ਟੀਮ ਨਾਲ ਇਸ ਤੋਂ ਖੁਸ਼ ਨਹੀਂ ਹੋ ਸਕਦਾ ਸੀ।’’
ਇਕ ਹੋਰ ਪੋਸਟ ’ਚ ਕਪੂਰ ਨੇ ਕਿਹਾ ਕਿ ਸਵਿੱਗੀ ਨੇ ਇੰਸਟਾਗ੍ਰਾਮ ’ਤੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਮਿਲੇ ਆਰਡਰਾਂ ਨੂੰ ਵੀ ਪਾਰ ਕਰ ਲਿਆ।
ਕਪੂਰ ਨੇ ਕਿਹਾ, ‘‘ਸਵਿੱਗੀ ਇੰਸਟਾਮਾਰਟ ’ਤੇ ਪ੍ਰਤੀ ਮਿੰਟ ਆਰਡਰ (ਓ.ਪੀ.ਐਮ.) ਹੁਣ ਤਕ ਦਾ ਸੱਭ ਤੋਂ ਵੱਧ ਹੈ। ਇਹ ਵਿਸ਼ਵ ਕੱਪ ਫਾਈਨਲ ਦੌਰਾਨ ਸਾਡੇ ਪਿਛਲੇ ਸਰਵਉੱਚ ਪੱਧਰ ਨਾਲੋਂ 1.6 ਗੁਣਾ ਜ਼ਿਆਦਾ ਹੈ।’’
ਇਸ ਦੌਰਾਨ ਸਵਿੱਗੀ ਨੂੰ 4.8 ਲੱਖ ਤੋਂ ਵੱਧ ਬਿਰਿਆਨੀ ਆਰਡਰ ਅਤੇ 1,244 ਪਕਵਾਨ ਪ੍ਰਤੀ ਮਿੰਟ ਮਿਲੇ।