ਸੋਨੇ ਦੀਆਂ ਕੀਮਤਾਂ ਚਾਰ ਹਫ਼ਤਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ
Gold Price Update : ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਦੇ ਵਿਚਕਾਰ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 350 ਰੁਪਏ ਦੀ ਤੇਜ਼ੀ ਨਾਲ 63,320 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 62,970 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 400 ਰੁਪਏ ਦੀ ਤੇਜ਼ੀ ਨਾਲ 74,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ’ਚ 74,100 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਬਾਜ਼ਾਰ ’ਚ ਸੋਨਾ (24 ਕੈਰਟ) 63,320 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਮੁੱਲ ਨਾਲੋਂ 350 ਰੁਪਏ ਜ਼ਿਆਦਾ ਹੈ। ਕੌਮਾਂਤਰੀ ਬਾਜ਼ਾਰ ’ਚ ਕਾਮੈਕਸ ’ਚ ਸੋਨਾ 11 ਡਾਲਰ ਦੀ ਤੇਜ਼ੀ ਨਾਲ 2,045 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ।
ਗਾਂਧੀ ਨੇ ਕਿਹਾ ਕਿ ਨਿੱਜੀ ਖਪਤ ਖਰਚ (ਪੀ.ਸੀ.ਈ.) ਮੁੱਲ ਸੂਚਕ ਅੰਕ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਫੈਡਰਲ ਰਿਜ਼ਰਵ ਵਲੋਂ ਇਸ ਸਾਲ ਦਰਾਂ ’ਚ ਕਟੌਤੀ ਦੀ ਉਮੀਦ ਵਧ ਗਈ ਹੈ। ਇਹ ਅੰਕੜਾ ਅਮਰੀਕਾ ਵਿਚ ਮਹਿੰਗਾਈ ਵਿਚ ਕਮੀ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਜਾਰੀ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਚਾਰ ਹਫ਼ਤਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਚਾਂਦੀ ਵੀ ਪਿਛਲੇ ਕਾਰੋਬਾਰੀ ਸੈਸ਼ਨ ਦੇ 22.50 ਡਾਲਰ ਪ੍ਰਤੀ ਔਂਸ ਦੇ ਮੁਕਾਬਲੇ ਵਧ ਕੇ 22.60 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ।