
ਘਰੇਲੂ ਰਸੋਈ ਗੈਸ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ।
ਨਵੀਂ ਦਿੱਲੀ: ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਅੱਜ ਦਿੱਲੀ ਵਿਚ ਇੰਡੇਨ ਸਿਲੰਡਰ 198 ਰੁਪਏ ਸਸਤਾ ਹੋ ਗਿਆ ਹੈ। ਕੋਲਕਾਤਾ 'ਚ LPG ਸਿਲੰਡਰ ਦੀ ਕੀਮਤ ਵਿਚ 182 ਰੁਪਏ, ਮੁੰਬਈ 'ਚ 190.50 ਰੁਪਏ, ਜਦਕਿ ਚੇਨਈ 'ਚ 187 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟ 'ਚ ਇਹ ਕਟੌਤੀ ਕੀਤੀ ਹੈ। ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਇਹ ਅਜੇ ਵੀ 19 ਮਈ ਦੀ ਦਰ 'ਤੇ ਉਪਲਬਧ ਹੈ।
ਦਿੱਲੀ ਵਿਚ 30 ਜੂਨ ਤੱਕ 19 ਕਿਲੋ ਦਾ ਵਪਾਰਕ ਸਿਲੰਡਰ 2219 ਰੁਪਏ ਵਿਚ ਮਿਲ ਰਿਹਾ ਸੀ। ਜਿਸ ਦੀ ਕੀਮਤ 1 ਜੁਲਾਈ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿਚ ਮਿਲੇਗਾ। ਮੁੰਬਈ 'ਚ ਕੀਮਤ 2171.50 ਰੁਪਏ ਤੋਂ ਘੱਟ ਕੇ 1981 ਰੁਪਏ ਅਤੇ ਚੇਨਈ 'ਚ 2373 ਰੁਪਏ ਤੋਂ ਘੱਟ ਕੇ 2186 ਰੁਪਏ 'ਤੇ ਆ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਵਿਚ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਦਿੱਲੀ ਵਿਚ 14.2 ਕਿਲੋ ਦਾ ਗੈਸ ਸਿਲੰਡਰ 1003 ਰੁਪਏ ਵਿਚ ਮਿਲ ਰਿਹਾ ਹੈ।
ਦੱਸ ਦੇਈਏ ਕਿ ਜੂਨ 'ਚ ਇੰਡੇਨ ਦਾ ਕਮਰਸ਼ੀਅਲ ਸਿਲੰਡਰ 135 ਰੁਪਏ ਸਸਤਾ ਹੋ ਗਿਆ ਸੀ, ਜਦਕਿ ਮਈ 'ਚ ਘਰੇਲੂ ਐੱਲਪੀਜੀ ਸਿਲੰਡਰ ਲੈਣ ਵਾਲੇ ਖਪਤਕਾਰਾਂ ਨੂੰ ਦੋ ਵਾਰ ਝਟਕਾ ਲੱਗਾ ਸੀ। ਘਰੇਲੂ ਸਿਲੰਡਰ ਦੇ ਰੇਟ ਵਿਚ ਮਹੀਨੇ ਵਿਚ ਪਹਿਲੀ ਵਾਰ 7 ਮਈ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ 19 ਮਈ ਨੂੰ ਵੀ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਸੀ।
ਦਿੱਲੀ ਵਿਚ ਪਿਛਲੇ ਇੱਕ ਸਾਲ ਵਿਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਤੋਂ ਵਧ ਕੇ 1003 ਰੁਪਏ ਹੋ ਗਈ ਹੈ। 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਦਰ ਵਿਚ 4 ਰੁਪਏ ਦਾ ਆਖਰੀ ਵਾਧਾ 19 ਮਈ 2022 ਨੂੰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਵਿਚ 7 ਮਈ ਨੂੰ 999.50 ਰੁਪਏ ਪ੍ਰਤੀ ਸਿਲੰਡਰ ਸੀ। 22 ਮਾਰਚ 2022 ਦੇ ਰੇਟ 949.50 ਰੁਪਏ ਦੇ ਮੁਕਾਬਲੇ 7 ਮਈ ਨੂੰ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਸੀ। 22 ਮਾਰਚ ਨੂੰ ਵੀ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ ਅਕਤੂਬਰ 2021 ਤੋਂ ਫਰਵਰੀ 2022 ਤੱਕ ਦਿੱਲੀ ਵਿਚ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ 899.50 ਰੁਪਏ ਸਨ।