ਮਾਰਚ 2024 ਤਕ ਅਪਣੇ ਚਾਰਜਿੰਗ ਨੈੱਟਵਰਕ ਨੂੰ ਮੌਜੂਦਾ 1,600 ਤੋਂ ਵਧਾ ਕੇ 2,500 ਕਰਨ ’ਤੇ ਵੀ ਕੰਮ ਕਰ ਰਹੀ ਹੈ ਕੰਪਨੀ
ਨਵੀਂ ਦਿੱਲੀ: ਇਲੈਕਟ੍ਰਿਕ ਦੁਪਹੀਆ ਗੱਡੀਆਂ ਦੀ ਨਿਰਮਾਤਾ ਏਥਰ ਊਰਜਾ ਉਦਯੋਗ ਵਿਚਲੀਆਂ ਕੰਪਨੀਆਂ ਨੂੰ ਅਪਣੇ ਚਾਰਜਿੰਗ ਕੁਨੈਕਟਰ ਨੂੰ ਮੁਫਤ ਅਪਣਾਉਣ ਦੀ ਪੇਸ਼ਕਸ਼ ਕਰਨ ਜਾ ਰਹੀ ਹੈ। ਕੰਪਨੀ ਦੇ ਚੀਫ ਬਿਜ਼ਨਸ ਅਫਸਰ ਰਵਨੀਤ ਐਸ. ਫੋਕੇਲਾ ਨੇ ਇਹ ਜਾਣਕਾਰੀ ਦਿਤੀ।
ਇਸ ਸਾਲ ਅਕਤੂਬਰ ’ਚ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ.) ਨੇ ਏਥਰ ਐਨਰਜੀ ਦੇ ਦੇਸੀ ਤੌਰ ’ਤੇ ਵਿਕਸਤ ਏ.ਸੀ. ਅਤੇ ਡੀ.ਸੀ. ਕੰਬਾਇੰਡ ਚਾਰਜਿੰਗ ਕਨੈਕਟਰ ਨੂੰ ਮਨਜ਼ੂਰੀ ਦਿਤੀ ਸੀ। ਇਸ ਨੂੰ ਹਲਕੀਆਂ ਇਲੈਕਟ੍ਰਿਕ ਗੱਡੀਆਂ (ਐਲ.ਈ.ਵੀ.) - ਇਲੈਕਟ੍ਰਿਕ ਦੋ ਪਹੀਆ ਗੱਡੀਆਂ ਅਤੇ ਤਿੰਨ ਪਹੀਆ ਗੱਡੀਆਂ ਦੇ ਨਾਲ-ਨਾਲ ਮਾਈਕਰੋ ਕਾਰਾਂ ਲਈ ਮਿਆਰੀ ਦਰਜਾ ਮਿਲਿਆ ਹੈ।
ਕੰਪਨੀ ਮਾਰਚ 2024 ਤਕ ਅਪਣੇ ਚਾਰਜਿੰਗ ਨੈੱਟਵਰਕ ਨੂੰ ਮੌਜੂਦਾ 1,600 ਤੋਂ ਵਧਾ ਕੇ 2,500 ਕਰਨ ’ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਅਪਣੇ ਚਾਰਜਿੰਗ ਕੁਨੈਕਟਰਾਂ ਨੂੰ ਅਪਣਾਉਣ ਲਈ ਹੋਰ ਨਿਰਮਾਤਾਵਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਈ.ਵੀ. ਉਦਯੋਗ ਲਈ ਚੰਗਾ ਸੰਕੇਤ ਹੈ ਕਿਉਂਕਿ ਜੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਇਕਸਾਰ ਕੀਤਾ ਜਾ ਸਕਦਾ ਹੈ ਤਾਂ ਇਹ ਸੁਤੰਤਰ ਉੱਦਮਾਂ ਨੂੰ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਉਤਸ਼ਾਹਤ ਕਰੇਗਾ।