
ਅਜਿਹੇ ਸਿਖਾਂਦਰੂਆਂ ਨੂੰ ਹਰ ਮਹੀਨੇ ਮਿਲੇਗੀ 5000 ਰੁਪਏ ਦੀ ਤਨਖ਼ਾਹ, ਅਤੇ ਮਿਲੇਗੀ ਵਿਸ਼ੇਸ਼ ਸਿਖਲਾਈ
ਮੁੰਬਈ: ਬੈਂਕ ਇਕ ਮਹੀਨੇ ’ਚ 25 ਸਾਲ ਤੋਂ ਘੱਟ ਉਮਰ ਦੇ ਗ੍ਰੈਜੂਏਟਾਂ ਨੂੰ ‘ਅਪ੍ਰੈਂਟਿਸ‘ ਦੇ ਤੌਰ ’ਤੇ ਭਰਤੀ ਕਰਨ ’ਤੇ ਵਿਚਾਰ ਕਰ ਰਹੇ ਹਨ। ਉਦਯੋਗ ਲਾਬੀ ਸਮੂਹ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਸੁਨੀਲ ਮਹਿਤਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਬੈਂਕ ਉਨ੍ਹਾਂ ਇੰਟਰਨਸ ਨੂੰ 5,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਗੇ, ਜਿਨ੍ਹਾਂ ਨੂੰ ਕਾਰਜਕਾਲ ਦੌਰਾਨ ਵਿਸ਼ੇਸ਼ ਹੁਨਰ ਦੀ ਸਿਖਲਾਈ ਦਿਤੀ ਜਾਵੇਗੀ।
ਇਹ ਕਦਮ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਐਲਾਨ ਤੋਂ ਬਾਅਦ ਆਇਆ ਹੈ, ਜਿਸ ਦੇ ਤਹਿਤ ਸਰਕਾਰ ਅਗਲੇ ਪੰਜ ਸਾਲਾਂ ’ਚ ਚੋਟੀ ਦੀਆਂ 500 ਕੰਪਨੀਆਂ ’ਚ ਇਕ ਕਰੋੜ ਨੌਜੁਆਨਾਂ ਨੂੰ ਇੰਟਰਨਸ਼ਿਪ ਪ੍ਰਦਾਨ ਕਰਨ ਦਾ ਟੀਚਾ ਰੱਖ ਰਹੀ ਹੈ।
ਯੋਜਨਾ ਨੂੰ ਲਾਗੂ ਕਰਨ ’ਚ ਬੈਂਕਾਂ ਦੀ ਭੂਮਿਕਾ ਬਾਰੇ ਦੱਸਦਿਆਂ ਮਹਿਤਾ ਨੇ ਕਿਹਾ, ‘‘ਬਹੁਤ ਸਾਰੇ ਖੇਤਰ ਹਨ ਜਿੱਥੇ ਸਾਨੂੰ ਹੁਨਰਮੰਦ ਮਨੁੱਖੀ ਸ਼ਕਤੀ ਦੀ ਜ਼ਰੂਰਤ ਨਹੀਂ ਹੈ, ਉਦਾਹਰਨ ਲਈ ਮਾਰਕੀਟਿੰਗ, ਰਿਕਵਰੀ। ਅਸੀਂ ਉਨ੍ਹਾਂ ਨੂੰ ਉਨ੍ਹਾਂ ਖੇਤਰਾਂ ’ਚ ਸਿਖਲਾਈ ਦੇ ਸਕਦੇ ਹਾਂ ਅਤੇ ਉਹ ਅਪਣੇ ਲਈ ਰੁਜ਼ਗਾਰ ਪੈਦਾ ਕਰ ਸਕਦੇ ਹਨ।’’
ਮਹਿਤਾ ਨੇ ਕਿਹਾ ਕਿ ‘ਅਪ੍ਰੈਂਟਿਸਸ਼ਿਪ‘ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਦੀ ਉਮਰ 21-25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਹ ਗ੍ਰੈਜੂਏਟ ਹੋਣਾ ਚਾਹੀਦਾ ਹੈ, ਟੈਕਸ ਦਾਤਾ ਨਹੀਂ ਹੋਣਾ ਚਾਹੀਦਾ ਅਤੇ ਆਈਆਈ.ਟੀ. ਜਾਂ ਆਈਆਈਐਮ ਵਰਗੇ ਚੋਟੀ ਦੇ ਸੰਸਥਾਨਾਂ ਤੋਂ ਡਿਗਰੀ ਨਹੀਂ ਹੋਣੀ ਚਾਹੀਦੀ।
ਮਹਿਤਾ ਨੇ ਇਹ ਵੀ ਸੰਕੇਤ ਦਿਤਾ ਕਿ ਇੰਟਰਨ, ਜਿਨ੍ਹਾਂ ਨੂੰ 12 ਮਹੀਨਿਆਂ ਤਕ ਨੌਕਰੀ ’ਤੇ ਰੱਖਿਆ ਜਾ ਸਕਦਾ ਹੈ, ਨੂੰ ਬੈਂਕਿੰਗ ਸੇਵਾਵਾਂ ਦੀ ਆਖਰੀ ਮੀਲ ਡਿਲੀਵਰੀ ਲਈ ਕਾਰੋਬਾਰੀ ਪ੍ਰਤੀਨਿਧਾਂ ਵਰਗੇ ਹੋਰ ਖੇਤਰਾਂ ’ਚ ਵੀ ਨਿਯੁਕਤ ਕੀਤਾ ਜਾਵੇਗਾ।
ਮਹਿਤਾ ਨੇ ਕਿਹਾ ਕਿ ਅਜਿਹੇ ਉਮੀਦਵਾਰ ਬੈਂਕਾਂ ਵਿਚ ਕੰਮ ਕਰਨ ਤੋਂ ਬਾਅਦ ਗਾਇਬ ਨਹੀਂ ਹੋਣਗੇ ਪਰ ਸੰਭਾਵਨਾ ਹੈ ਕਿ ਉਨ੍ਹਾਂ ਵਿਚੋਂ ਕੁੱਝ ਨੂੰ ਕਰਮਚਾਰੀਆਂ ਵਜੋਂ ਸ਼ਾਮਲ ਕੀਤਾ ਜਾਵੇਗਾ।
ਮਹਿਤਾ ਨੇ ਕਿਹਾ ਕਿ ਆਈਬੀਏ ਨੇ ਯੋਜਨਾ ਨੂੰ ਲਾਗੂ ਕਰਨ ਬਾਰੇ ਵੀਰਵਾਰ ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਇਕ ਮਹੀਨੇ ਦੇ ਅੰਦਰ ਲਾਗੂ ਕੀਤਾ ਜਾ ਸਕਦਾ ਹੈ।
ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਬੈਂਕ ਕਿੰਨੇ ਸਿਖਿਆਰਥੀਆਂ ਨੂੰ ਨੌਕਰੀ ’ਤੇ ਰਖਣਗੇ, ਪਰ ਕਿਹਾ ਕਿ ਸਾਰੇ ਬੈਂਕ ਇਸ ਪਹਿਲ ਕਦਮੀ ’ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਵੀ ਸਹਾਇਤਾ ਮਿਲੇਗੀ।