
ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆਂ ਨੂੰ ਵਿਖਾ ਦਿਤਾ ਹੈ ਕਿ ਉਨ੍ਹਾਂ ਲਈ ਦੇਸ਼ ਦਾ ਹਿੱਤ ਸਰਵਉੱਚ ਹੈ ਅਤੇ ਇਸ ਉਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
ਭੋਪਾਲ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤੀ ਕਿਸਾਨਾਂ ਦੀ ਕੀਮਤ ਉਤੇ ਖੇਤੀ ਉਤਪਾਦਾਂ ਦੀ ਆਯਾਤ ਨੂੰ ਲੈ ਕੇ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਵਲੋਂ ਰੂਸੀ ਕੱਚੇ ਤੇਲ ਦੀ ਖਰੀਦ ਉਤੇ 25 ਫੀ ਸਦੀ ਵਾਧੂ ਡਿਊਟੀ ਸਮੇਤ ਭਾਰਤੀ ਵਸਤਾਂ ਉਤੇ ਟੈਰਿਫ ਦੁੱਗਣਾ ਕਰ ਕੇ 50 ਫੀ ਸਦੀ ਕਰਨ ਤੋਂ ਬਾਅਦ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ ’ਚ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਕੀਮਤ ਉਤੇ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ।’’ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਮਰੀਕੀ ਖੇਤੀ ਉਤਪਾਦਾਂ ਉਤੇ ਆਯਾਤ ਡਿਊਟੀ ਉਤੇ ਥੋੜ੍ਹਾ ਜਿਹਾ ਸਮਝੌਤਾ ਕਰ ਕੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਈ ਗੁੰਜਾਇਸ਼ ਹੈ।
ਵਿਰੋਧੀ ਧਿਰ ਦੇ ਇਸ ਦੋਸ਼ ਬਾਰੇ ਪੁੱਛੇ ਜਾਣ ਉਤੇ ਕਿ ਟਰੰਪ ਦੇ ਟੈਰਿਫ ਝਟਕੇ ਕਾਰਨ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਢਾਂਚੇ ’ਚ ਬਦਲਾਅ ਹੋਇਆ ਹੈ, ਉਨ੍ਹਾਂ ਕਿਹਾ ਕਿ ਉਹ ਭਾਰਤ ’ਚ ਹੋਣ ਵਾਲੇ ਹਰ ਚੰਗੇ ਕੰਮ ਦੇ ਪਿੱਛੇ ਟਰੰਪ ਨੂੰ ਵੇਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਨੂੰ ਵਿਖਾ ਦਿਤਾ ਹੈ ਕਿ ਉਨ੍ਹਾਂ ਲਈ ਦੇਸ਼ ਦਾ ਹਿੱਤ ਸਰਵਉੱਚ ਹੈ ਅਤੇ ਇਸ ਉਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ, ‘‘ਸਾਡੇ ਕਿਸਾਨਾਂ, ਪੋਲਟਰੀ ਫਾਰਮਰਾਂ, ਮਛੇਰਿਆਂ ਅਤੇ ਗਰੀਬਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ।’’ ਚੌਹਾਨ ਨੇ 25 ਅਗੱਸਤ ਨੂੰ ਇੱਥੇ ਇਕ ਸਮਾਰੋਹ ਵਿਚ ਕਿਹਾ ਸੀ ਕਿ ਸਰਕਾਰ ਨੇ ਭਾਰਤੀ ਕਿਸਾਨਾਂ ਦੇ ਹਿੱਤ ਵਿਚ ਅਮਰੀਕੀ ਖੇਤੀਬਾੜੀ ਉਤਪਾਦਾਂ ਦੇ ਆਯਾਤ ਦੀ ਇਜਾਜ਼ਤ ਦੇਣ ਦੀ ਮੰਗ ਦਾ ਵਿਰੋਧ ਕੀਤਾ ਸੀ।