
ਜਾਪਾਨ ਤੇ ਦਖਣੀ ਕੋਰੀਆ ਉਤੇ 25 ਫੀ ਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਸ਼ੀਆ ’ਚ ਅਮਰੀਕਾ ਦੇ ਦੋ ਮਹੱਤਵਪੂਰਨ ਸਹਿਯੋਗੀਆਂ ਨਾਲ ਲਗਾਤਾਰ ਵਪਾਰ ਅਸੰਤੁਲਨ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਜਾਪਾਨ ਅਤੇ ਦਖਣੀ ਕੋਰੀਆ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ ਉਤੇ 25 ਫੀ ਸਦੀ ਟੈਕਸ ਲਗਾ ਦਿਤਾ ਹੈ।
ਟਰੰਪ ਨੇ ਟਰੂਥ ਸੋਸ਼ਲ ਉਤੇ ਚਿੱਠੀਆਂ ਪੋਸਟ ਕਰ ਕੇ ਦੋਹਾਂ ਦੇਸ਼ਾਂ ਨੂੰ 1 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਟੈਰਿਫ ਦਾ ਨੋਟਿਸ ਦੇ ਦਿਤਾ। ਚਿੱਠੀਆਂ ਵਿਚ ਦੋਹਾਂ ਦੇਸ਼ਾਂ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਹ ਅਪਣੇ ਖੁਦ ਦੇ ਆਯਾਤ ਟੈਕਸ ਵਧਾ ਕੇ ਜਵਾਬੀ ਕਾਰਵਾਈ ਨਾ ਕਰਨ, ਨਹੀਂ ਤਾਂ ਟਰੰਪ ਪ੍ਰਸ਼ਾਸਨ ਆਯਾਤ ਟੈਕਸ ਵਧਾ ਦੇਵੇਗਾ ਜੋ ਜਾਪਾਨ ਅਤੇ ਦਖਣੀ ਕੋਰੀਆ ਦੇ ਆਟੋ ਅਤੇ ਇਲੈਕਟ੍ਰਾਨਿਕਸ ਸੈਕਟਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਵਿਚ ਅਮਰੀਕਾ ਦੇ ਦੋ ਮਹੱਤਵਪੂਰਨ ਭਾਈਵਾਲ ਹਨ।
ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਦਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਿਊਂਗ ਨੂੰ ਲਿਖੇ ਪੱਤਰਾਂ ’ਚ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਕਾਰਨ ਕਰ ਕੇ ਟੈਰਿਫ ਵਧਾਉਣ ਦਾ ਫੈਸਲਾ ਕਰਦੇ ਹੋ ਤਾਂ ਤੁਸੀਂ ਜੋ ਵੀ ਗਿਣਤੀ ਵਧਾਉਣ ਦੀ ਚੋਣ ਕਰੋਗੇ, ਉਸ ਨੂੰ ਸਾਡੇ ਵਲੋਂ ਵਸੂਲੇ ਜਾਣ ਵਾਲੇ 25 ਫੀ ਸਦੀ ’ਚ ਸ਼ਾਮਲ ਕਰ ਦਿਤਾ ਜਾਵੇਗਾ।