ਚਾਰ ਹਫ਼ਤਿਆਂ ਦੇ ਅੰਦਰ ਅਪਣਾ ਕੇਸ ਪੇਸ਼ ਕਰਨ ਲਈ ਕਿਹਾ
ਨਵੀਂ ਦਿੱਲੀ : ਭ੍ਰਿਸ਼ਟਾਚਾਰ ਰੋਕੂ ਸੰਸਥਾ ਲੋਕਪਾਲ ਨੇ ਸੇਬੀ ਮੁਖੀ ਮਾਧਬੀ ਪੁਰੀ ਬੁਚ ਤੋਂ ਅਮਰੀਕੀ ਖੋਜ ਅਤੇ ਨਿਵੇਸ਼ ਫਰਮ ਹਿੰਡਨਬਰਗ ਰੀਸਰਚ ਵਲੋਂ ਉਨ੍ਹਾਂ ’ਤੇ ਲਗਾਏ ਗਏ ਦੋਸ਼ਾਂ ਦੇ ਸੰਦਰਭ ’ਚ ਸਪੱਸ਼ਟੀਕਰਨ ਮੰਗਿਆ ਹੈ। ਇਕ ਲੋਕ ਸਭਾ ਸੰਸਦ ਮੈਂਬਰ ਅਤੇ ਦੋ ਹੋਰਾਂ ਨੇ ਬੁਚ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ।
ਇਕ ਅਧਿਕਾਰਤ ਹੁਕਮ ਮੁਤਾਬਕ ਲੋਕਪਾਲ ਨੇ ਸ਼ੁਕਰਵਾਰ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਮੁਖੀ ਤੋਂ ਉਨ੍ਹਾਂ ਵਿਰੁਧ ਮਿਲੀਆਂ ਸ਼ਿਕਾਇਤਾਂ ’ਤੇ ਸਪੱਸ਼ਟੀਕਰਨ ਮੰਗਿਆ ਹੈ। ਬੁਚ ਨੂੰ ਚਾਰ ਹਫ਼ਤਿਆਂ ਦੇ ਅੰਦਰ ਅਪਣਾ ਕੇਸ ਪੇਸ਼ ਕਰਨ ਲਈ ਕਿਹਾ ਗਿਆ ਹੈ। ਲੋਕਪਾਲ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਸ ਦਾ ਹੁਕਮ ਸਿਰਫ ਇਕ ਪ੍ਰਕਿਰਿਆਤਮਕ ਹੁਕਮ ਹੈ ਅਤੇ ਇਸ ਮਾਮਲੇ ਵਿਚ ਕਿਸੇ ਵੀ ਤਰੀਕੇ ਨਾਲ ਅਪਣੀ ਰਾਏ ਜ਼ਾਹਰ ਨਹੀਂ ਕਰਦਾ।
ਲੋਕਪਾਲ ਦੇ ਹੁਕਮ ਅਨੁਸਾਰ, ‘‘ਅਸੀਂ ਸਬੰਧਤ ਸ਼ਿਕਾਇਤਕਰਤਾ ਵਲੋਂ ਉਸ ’ਤੇ ਲਗਾਏ ਗਏ ਦੋਸ਼ਾਂ ਅਤੇ ਸਬੰਧਤ ਹਲਫਨਾਮੇ ’ਚ ਦੱਸੇ ਗਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਨਾਮਜ਼ਦ ਉੱਤਰਦਾਤਾ ਲੋਕ ਸੇਵਕ (ਆਰ.ਪੀ.ਐੱਸ.) ਨੂੰ ਤਲਬ ਕਰਨਾ ਉਚਿਤ ਸਮਝਦੇ ਹਾਂ।’’ ਹੁਕਮ ’ਚ ਕਿਹਾ ਗਿਆ ਹੈ ਕਿ ਦੋਸ਼ਾਂ ਦੀ ਜਾਂਚ ਲਈ ਪਹਿਲੀ ਨਜ਼ਰ ’ਚ ਮਾਮਲਾ ਬਣਨ ਜਾਂ ਨਾ ਬਣਨ ਦਾ ਫੈਸਲਾ ਕਰਨ ਤੋਂ ਪਹਿਲਾਂ ਨਾਮਜ਼ਦ ਆਰ.ਪੀ.ਐਸ. ਨੂੰ ਲੋਕਪਾਲ ਐਕਟ ਦੀ ਧਾਰਾ 20 ਦੀ ਉਪ-ਧਾਰਾ (1) ਦੇ ਤੀਜੇ ਪ੍ਰਾਵਧਾਨ ਦੇ ਤਹਿਤ ਸਪੱਸ਼ਟੀਕਰਨ ਦੇਣ ਦਾ ਮੌਕਾ ਦਿਤਾ ਜਾ ਰਿਹਾ ਹੈ।