ਸਪਲਾਈ ਰੁਕਣ ਕਾਰਨ ਕੀਮਤਾਂ ’ਚ 30 ਤੋਂ 40 ਫੀ ਸਦੀ ਦਾ ਵਾਧਾ ਹੋਇਆ
ਨਵੀਂ ਦਿੱਲੀ: ਦੇਸ਼ ਦੇ ਵੱਖੋ-ਵੱਖ ਹਿੱਸਿਆਂ ’ਚ ਭਾਰੀ ਮੀਂਹ ਅਤੇ ਜੂਨ ’ਚ ਪੈ ਰਹੀ ਗਰਮੀ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਕਰੀਬ 30 ਤੋਂ 40 ਫੀ ਸਦੀ ਤਕ ਦਾ ਵਾਧਾ ਹੋਇਆ ਹੈ। ਟਮਾਟਰ ਦੀ ਪ੍ਰਚੂਨ ਕੀਮਤ 120 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ ਅਤੇ ਕੁਝ ਸੂਬਿਆਂ ’ਚ ਇਸ ਤੋਂ ਵੀ ਜ਼ਿਆਦਾ ਹੈ। ਆਲੂ 60 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਗਿਆ ਹੈ, ਜਦਕਿ ਭਿੰਡੀ ਅਤੇ ਫਲੀਆਂ ਵੀ 100 ਰੁਪਏ ਪ੍ਰਤੀ ਕਿਲੋ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਬੈਂਗਣ ਅਤੇ ਅਦਰਕ ਦੀਆਂ ਕੀਮਤਾਂ ਵੀ ਤਿੰਨ ਅੰਕਾਂ ਨੂੰ ਪਾਰ ਕਰ ਗਈਆਂ ਹਨ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਫਲਾਂ ਦੇ ਭਾਅ ਵੀ ਇਸੇ ਤਰ੍ਹਾਂ ਹਨ ਕਿਉਂਕਿ ਅੰਬ 100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਜਦਕਿ ਕੇਲੇ 60 ਰੁਪਏ ਪ੍ਰਤੀ ਦਰਜਨ ਦੇ ਹਿਸਾਬ ਨਾਲ ਵਿਕ ਰਹੇ ਹਨ।
ਖ਼ਰਾਬ ਮੌਸਮ ਤੋਂ ਨਿੰਬੂ ਵੀ ਨਹੀਂ ਬਚੇ ਹਨ, ਜਿਸ ਕਾਰਨ ਉਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਇਨ੍ਹਾਂ ਦੇ ਰੇਟ 80 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਏ ਹਨ।
ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਇਕ ਹਫ਼ਤੇ ਤਕ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਬਜ਼ੀਆਂ ਅਤੇ ਫਲਾਂ ਦੇ ਭਾਅ ਵਧਦੇ ਰਹਿਣਗੇ। ਹਾਲਾਂਕਿ, ਉਸ ਨੇ ਅੱਗੇ ਕਿਹਾ ਕਿ ਜੇਕਰ ਬਾਰਸ਼ ਘੱਟ ਜਾਂਦੀ ਹੈ, ਤਾਂ ਕੁਝ ਹਫ਼ਤਿਆਂ ਵਿਚ ਕੀਮਤਾਂ ’ਚ ਕਮੀ ਆ ਸਕਦੀ ਹੈ, ਕਿਉਂਕਿ ਮੱਧ ਅਤੇ ਦੱਖਣੀ ਭਾਰਤ ਤੋਂ ਸਬਜ਼ੀਆਂ ਦੇ ਤਾਜ਼ਾ ਸਟਾਕ ਨਾਲ ਸਪਲਾਈ ਵਿਚ ਵਾਧਾ ਹੋਣ ਦੀ ਉਮੀਦ ਹੈ।
ਖਪਤਕਾਰ ਵਿਭਾਗ ਨੇ ਕਿਹਾ ਹੈ ਕਿ ਜਿੱਥੋਂ ਤਕ ਟਮਾਟਰ ਦੀਆਂ ਕੀਮਤਾਂ ਦਾ ਸਵਾਲ ਹੈ, ਹਰ ਸਾਲ ਇਸ ਸਮੇਂ ਭਾਅ ਵਧ ਜਾਂਦੇ ਹਨ, ਹਾਲਾਂਕਿ ਹਿਮਾਚਲ ਪ੍ਰਦੇਸ਼ ਤੋਂ ਜਲਦੀ ਹੀ ਤਾਜ਼ਾ ਸਪਲਾਈ ਦੀ ਉਮੀਦ ਹੈ, ਇਸ ਮਹੀਨੇ ਦੇ ਅੰਤ ਤਕ ਕੀਮਤਾਂ ਸਥਿਰ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਘੱਟ ਸਪਲਾਈ ਅਤੇ ਭਾਰੀ ਮੀਂਹ ਕਾਰਨ ਟਮਾਟਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਹਾਲਾਂਕਿ, ਦੋਵੇਂ ਸੂਬੇ ਅਜੇ ਵੀ ਭਾਰੀ ਬਾਰਸ਼ ਦੀ ਮਾਰ ਝੱਲ ਰਹੇ ਹਨ, ਅਜਿਹਾ ਨਹੀਂ ਲਗਦਾ ਹੈ ਕਿ ਟਮਾਟਰ ਦੀਆਂ ਕੀਮਤਾਂ ਜਲਦੀ ਕਿਸੇ ਵੀ ਸਮੇਂ ਘੱਟ ਹੋਣ ਦੀ ਸੰਭਾਵਨਾ ਹੈ।