ਭਾਰਤ ਨੇ ਯੂਰਪ ਦੇ ਚਾਰ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ, ਜਾਣੋ ਕਿਹੜੀਆਂ ਚੀਜ਼ਾਂ ਹੋਣਗੀਆਂ ਸਸਤੀਆਂ
Published : Mar 10, 2024, 5:45 pm IST
Updated : Mar 10, 2024, 6:20 pm IST
SHARE ARTICLE
New Delhi: Union Minister for Commerce & Industry Piyush Goyal addresses the media regarding the signing of the India-European Free Trade Association (EFTA) Trade & Economic Partnership Agreement, in New Delhi, Sunday, March 10, 2024. (PTI Photo)
New Delhi: Union Minister for Commerce & Industry Piyush Goyal addresses the media regarding the signing of the India-European Free Trade Association (EFTA) Trade & Economic Partnership Agreement, in New Delhi, Sunday, March 10, 2024. (PTI Photo)

ਅਗਲੇ 15 ਸਾਲਾਂ ’ਚ ਮਿਲੇਗਾ 100 ਅਰਬ ਡਾਲਰ ਦਾ ਨਿਵੇਸ਼, 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨਵੀਂ ਦਿੱਲੀ, 10 ਮਾਰਚ: ਭਾਰਤ ਅਤੇ ਚਾਰ ਦੇਸ਼ਾਂ ਦੇ ਯੂਰਪੀਅਨ ਸਮੂਹ ਈ.ਐਫ.ਟੀ.ਏ. ਨੇ ਐਤਵਾਰ ਨੂੰ ਵਸਤੂਆਂ ਅਤੇ ਸੇਵਾਵਾਂ ’ਚ ਨਿਵੇਸ਼ ਅਤੇ ਦੋ-ਪੱਖੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਇਕ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ’ਤੇ ਦਸਤਖਤ ਕੀਤੇ। ਐਫ.ਟੀ.ਏ. ਦੇ ਤਹਿਤ ਈ.ਐਫ.ਟੀ.ਏ. ਨੇ ਅਗਲੇ 15 ਸਾਲਾਂ ’ਚ ਭਾਰਤ ’ਚ 100 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਨਿਵੇਸ਼ ਨਾਲ ਦੇਸ਼ ਦੇ ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਣ ਦੀ ਉਮੀਦ ਹੈ।

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਐਫ.ਟੀ.ਏ. ’ਤੇ ਹਸਤਾਖਰ ਨੂੰ ‘ਇਤਿਹਾਸਕ ਪਲ’ ਕਰਾਰ ਦਿਤਾ ਅਤੇ ਕਿਹਾ ਕਿ ਵਿਕਸਤ ਦੇਸ਼ਾਂ ਸਮੇਤ ਸਮੂਹ ਨਾਲ ਇਹ ਭਾਰਤ ਦਾ ਪਹਿਲਾ ਆਧੁਨਿਕ ਵਪਾਰ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਪਾਰ ਸਮਝੌਤੇ ’ਚ ਇਹ ਪਹਿਲੀ ਵਾਰ ਹੈ ਕਿ ਈ.ਐਫ.ਟੀ.ਏ. ਨੇ ਅਗਲੇ 15 ਸਾਲਾਂ ’ਚ 100 ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਈ.ਐਫ.ਟੀ.ਏ.) ਦੇ ਮੈਂਬਰ ਦੇਸ਼ਾਂ ’ਚ ਆਈਸਲੈਂਡ, ਲਿਕਟੇਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਸ਼ਾਮਲ ਹਨ। 

ਸਮਝੌਤੇ ’ਚ 14 ਅਧਿਆਏ ਹਨ। ਇਨ੍ਹਾਂ ’ਚ ਵਸਤੂਆਂ ਦੇ ਵਪਾਰ ਦੀ ਉਤਪਤੀ ਦੇ ਨਿਯਮ, ਬੌਧਿਕ ਜਾਇਦਾਦ ਅਧਿਕਾਰ (ਆਈ.ਪੀ.ਆਰ.), ਸੇਵਾਵਾਂ ’ਚ ਵਪਾਰ, ਨਿਵੇਸ਼ ਹੱਲਾਸ਼ੇਰੀ ਅਤੇ ਸਹਿਯੋਗ, ਸਰਕਾਰੀ ਖਰੀਦ ’ਚ ਤਕਨੀਕੀ ਰੁਕਾਵਟਾਂ ਅਤੇ ਵਪਾਰ ਸਹੂਲਤ ਸ਼ਾਮਲ ਹਨ। ਈ.ਐਫ.ਟੀ.ਏ. ਮੈਂਬਰਾਂ ਦੀ ਤਰਫੋਂ ਫੈਡਰਲ ਕੌਂਸਲਰ ਗਾਇ ਪਾਰਮੇਲਿਨ ਨੇ ਕਿਹਾ, ‘‘ਈ.ਐਫ.ਟੀ.ਏ. ਦੇਸ਼ਾਂ ਨੂੰ ਵਿਕਾਸ ਲਈ ਇਕ ਪ੍ਰਮੁੱਖ ਬਾਜ਼ਾਰ ਤਕ ਪਹੁੰਚ ਮਿਲੀ ਹੈ। ਸਾਡੀਆਂ ਕੰਪਨੀਆਂ ਉਨ੍ਹਾਂ ਨੂੰ ਵਧੇਰੇ ਜੁਝਾਰੂ ਬਣਾ ਕੇ ਅਪਣੀ ਸਪਲਾਈ ਚੇਨ ’ਚ ਵੰਨ-ਸੁਵੰਨਤਾ ਲਿਆਉਣ ਦੀ ਕੋਸ਼ਿਸ਼ ਕਰਨਗੀਆਂ। ਇਸ ਦੇ ਬਦਲੇ ਭਾਰਤ ਨੂੰ ਈ.ਐਫ.ਟੀ.ਏ. ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ ਮਿਲੇਗਾ। ਇਹ ਆਖਰਕਾਰ ਨੌਕਰੀ ਦੇ ਚੰਗੇ ਵਾਧੇ ਦਾ ਕਾਰਨ ਬਣੇਗਾ... ਕੁਲ ਮਿਲਾ ਕੇ, ਟੀ.ਪੀ.ਏ. ਸਾਡੀ ਆਰਥਕ ਸਮਰੱਥਾ ਦਾ ਬਿਹਤਰ ਲਾਭ ਉਠਾਉਣ ਅਤੇ ਭਾਰਤ ਅਤੇ ਈ.ਐਫ.ਟੀ.ਏ. ਦੋਹਾਂ ਲਈ ਵਾਧੂ ਮੌਕੇ ਪੈਦਾ ਕਰਨ ’ਚ ਸਾਡੀ ਮਦਦ ਕਰੇਗਾ।’’

ਇਕ ਮੁਕਤ ਵਪਾਰ ਸਮਝੌਤੇ ਦੇ ਤਹਿਤ, ਦੋ ਵਪਾਰਕ ਭਾਈਵਾਲ ਸੇਵਾਵਾਂ ਅਤੇ ਨਿਵੇਸ਼ਾਂ ਨੂੰ ਉਤਸ਼ਾਹਤ ਕਰਨ ਲਈ ਨਿਯਮਾਂ ਨੂੰ ਸੌਖਾ ਬਣਾਉਣ ਤੋਂ ਇਲਾਵਾ, ਅਪਣੇ ਵਿਚਕਾਰ ਵਪਾਰ ਕੀਤੇ ਜਾਣ ਵਾਲੇ ਵੱਧ ਤੋਂ ਵੱਧ ਵਸਤੂਆਂ ’ਤੇ ਕਸਟਮ ਡਿਊਟੀ ਨੂੰ ਮਹੱਤਵਪੂਰਣ ਤੌਰ ’ਤੇ ਘਟਾਉਂਦੇ ਹਨ ਜਾਂ ਖਤਮ ਕਰਦੇ ਹਨ। ਭਾਰਤ ਅਤੇ ਈ.ਐਫ.ਟੀ.ਏ. ਆਰਥਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਜਨਵਰੀ 2008 ਤੋਂ ਅਧਿਕਾਰਤ ਤੌਰ ’ਤੇ ਵਪਾਰ ਅਤੇ ਆਰਥਕ ਭਾਈਵਾਲੀ ਸਮਝੌਤੇ (ਟੀ.ਈ.ਪੀ.ਏ.) ਸਮਝੌਤੇ ’ਤੇ ਗੱਲਬਾਤ ਕਰ ਰਹੇ ਸਨ। ਦੋਹਾਂ ਧਿਰਾਂ ਨੇ ਅਕਤੂਬਰ 2023 ’ਚ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਅਤੇ ਇਸ ਨੂੰ ਤੇਜ਼ੀ ਨਾਲ ਪੂਰਾ ਕੀਤਾ। ਈ.ਐਫ.ਟੀ.ਏ. ਦੇਸ਼ ਯੂਰਪੀਅਨ ਯੂਨੀਅਨ (ਈ.ਯੂ.) ਦਾ ਹਿੱਸਾ ਨਹੀਂ ਹਨ। 

ਇਹ ਮੁਕਤ ਵਪਾਰ ਨੂੰ ਉਤਸ਼ਾਹਤ ਕਰਨ ਅਤੇ ਤੇਜ਼ ਕਰਨ ਲਈ ਇਕ ਅੰਤਰ-ਸਰਕਾਰੀ ਸੰਗਠਨ ਹੈ। ਇਸ ਦੀ ਸਥਾਪਨਾ ਉਨ੍ਹਾਂ ਦੇਸ਼ਾਂ ਲਈ ਇਕ ਵਿਕਲਪ ਵਜੋਂ ਕੀਤੀ ਗਈ ਸੀ ਜੋ ਯੂਰਪੀਅਨ ਭਾਈਚਾਰੇ ’ਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸਨ। ਭਾਰਤ 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ (ਈ.ਯੂ.) ਨਾਲ ਵੱਖਰੇ ਤੌਰ ’ਤੇ ਇਕ ਵਿਸ਼ਾਲ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹਾ ਹੈ। 

ਇਸ ਤੋਂ ਪਹਿਲਾਂ ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਆਸਟਰੇਲੀਆ ਨਾਲ ਐਫ.ਟੀ.ਏ. ਗੱਲਬਾਤ ਨੂੰ ਤੇਜ਼ ਕਰਨ ਦੀ ਰਣਨੀਤੀ ਅਪਣਾਈ ਸੀ। ਸਾਲ 2022-23 ’ਚ ਭਾਰਤ-ਈ.ਐਫ.ਟੀ.ਏ. ਦੁਵਲਾ ਵਪਾਰ 18.65 ਅਰਬ ਡਾਲਰ ਰਿਹਾ। 2021-22 ’ਚ ਇਹ 27.23 ਅਰਬ ਡਾਲਰ ਸੀ। ਪਿਛਲੇ ਵਿੱਤੀ ਸਾਲ ਵਿਚ ਵਪਾਰ ਘਾਟਾ 14.8 ਅਰਬ ਡਾਲਰ ਸੀ। ਇਨ੍ਹਾਂ ਦੇਸ਼ਾਂ ’ਚ ਸਵਿਟਜ਼ਰਲੈਂਡ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਇਸ ਤੋਂ ਬਾਅਦ ਨਾਰਵੇ ਦਾ ਨੰਬਰ ਆਉਂਦਾ ਹੈ। 

ਸਵਿਸ ਘੜੀਆਂ ਅਤੇ ਚਾਕਲੇਟ ਭਾਰਤੀ ਬਾਜ਼ਾਰ ’ਚ ਸਸਤੇ ਹੋਣਗੇ 

ਭਾਰਤ-ਈ.ਐਫ.ਟੀ.ਏ. ਬਲਾਕ ਨਾਲ ਅਪਣੇ  ਵਪਾਰ ਸਮਝੌਤੇ ਤਹਿਤ ਉੱਚ ਮਿਆਰੀ ਸਵਿਸ ਉਤਪਾਦਾਂ ਜਿਵੇਂ ਕਿ ਗੁੱਟ ਘੜੀਆਂ, ਚਾਕਲੇਟ, ਬਿਸਕੁਟ ਅਤੇ ਕੰਧ ਘੜੀਆਂ ’ਤੇ ਕਸਟਮ ਡਿਊਟੀ ਹੌਲੀ-ਹੌਲੀ ਖਤਮ ਕਰੇਗਾ। ਇਸ ਨਾਲ ਘਰੇਲੂ ਗਾਹਕਾਂ ਨੂੰ ਘੱਟ ਕੀਮਤ ’ਤੇ ਇਨ੍ਹਾਂ ਉਤਪਾਦਾਂ ਤਕ ਪਹੁੰਚ ਮਿਲੇਗੀ। ਭਾਰਤ ਅਤੇ ਯੂਰਪੀਅਨ ਦੇਸ਼ਾਂ ਦੇ ਚਾਰ ਮੈਂਬਰੀ ਸਮੂਹ ਈ.ਐਫ.ਟੀ.ਏ. ਨੇ ਐਤਵਾਰ ਨੂੰ ਆਪਸੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਵਪਾਰ ਅਤੇ ਆਰਥਕ  ਭਾਈਵਾਲੀ ਸਮਝੌਤੇ (ਟੀ.ਈ.ਪੀ.ਏ.) ’ਤੇ  ਦਸਤਖਤ ਕੀਤੇ। ‘ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ’ (ਈ.ਐਫ.ਟੀ.ਏ.) ਦੇ ਮੈਂਬਰ ਆਈਸਲੈਂਡ, ਲਿਕਟੇਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਹਨ। 

ਵੱਖ-ਵੱਖ ਦੇਸ਼ਾਂ ’ਚ ਸਮਝੌਤੇ ਦੀ ਪੁਸ਼ਟੀ ਲਈ ਵਿਸਤ੍ਰਿਤ ਪ੍ਰਕਿਰਿਆ ਕਾਰਨ ਇਸ ਨੂੰ ਲਾਗੂ ਹੋਣ ’ਚ ਇਕ ਸਾਲ ਤਕ ਦਾ ਸਮਾਂ ਲੱਗੇਗਾ। ਇਕ ਅਧਿਕਾਰੀ ਨੇ ਕਿਹਾ, ‘‘ਅਸੀਂ ਸਵਿਸ ਘੜੀਆਂ ਅਤੇ ਚਾਕਲੇਟਾਂ ’ਤੇ  ਡਿਊਟੀ ’ਚ ਛੋਟ ਦੇ ਰਹੇ ਹਾਂ।’’

ਸਵਿਟਜ਼ਰਲੈਂਡ ’ਚ ਕੁੱਝ  ਮਸ਼ਹੂਰ ਘੜੀ ਬ੍ਰਾਂਡ ਰੋਲੇਕਸ, ਓਮੇਗਾ ਅਤੇ ਕਾਰਟੀਅਰ ਹਨ। ਸਵਿਸ ਬ੍ਰਾਂਡ ਨੈਸਲੇ ਇਕ ਚਾਕਲੇਟ ਨਿਰਮਾਤਾ ਹੈ ਅਤੇ ਭਾਰਤੀ ਐਫ.ਐਮ.ਸੀ.ਜੀ. (ਰੋਜ਼ਾਨਾ ਵਰਤੋਂ ਦੀਆਂ ਘਰੇਲੂ ਚੀਜ਼ਾਂ) ਬਾਜ਼ਾਰ ’ਚ ਇਕ ਮੋਹਰੀ ਖਿਡਾਰੀ ਹੈ। ਇਹ ਭਾਰਤੀ ਐਫ.ਐਮ.ਸੀ.ਜੀ. ਸੈਗਮੈਂਟ ’ਚ ਤੀਜੀ ਸੱਭ ਤੋਂ ਵੱਡੀ ਸੂਚੀਬੱਧ ਕੰਪਨੀ ਹੈ। ਆਰਥਕ  ਥਿੰਕ ਟੈਂਕ ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਵਲੋਂ ਕੀਤੇ ਗਏ ਟੀ.ਈ.ਪੀ.ਏ. ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਅਨੁਸਾਰ, ਭਾਰਤ ਨੇ ਸਮਝੌਤੇ ਦੇ ਤਹਿਤ ਸਵਿਟਜ਼ਰਲੈਂਡ ਤੋਂ ਆਯਾਤ ਕੀਤੇ ਗਏ ਕਈ ਉਤਪਾਦਾਂ ’ਤੇ  ਡਿਊਟੀ ਰਿਆਇਤਾਂ ਦਿਤੀ ਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ 7 ਤੋਂ 10 ਸਾਲ ’ਚ ਕਈ ਸਵਿਸ ਸਾਮਾਨਾਂ ’ਤੇ  ਡਿਊਟੀ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਭਾਰਤੀ ਗਾਹਕ ਘੱਟ ਕੀਮਤ ’ਤੇ  ਉੱਚ ਮਿਆਰੀ ਸਵਿਸ ਉਤਪਾਦ ਪ੍ਰਾਪਤ ਕਰ ਸਕਣਗੇ।

ਭਾਰਤ-ਈ.ਐਫ.ਟੀ.ਏ. ਸਮਝੌਤਾ ਸੁਤੰਤਰ ਅਤੇ ਨਿਰਪੱਖ ਵਪਾਰ ਲਈ ਸਾਡੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ : ਮੋਦੀ 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਰਤ-ਈ.ਐਫ.ਟੀ.ਏ. ਵਪਾਰ ਸਮਝੌਤੇ ਨੂੰ ਇਕ ਇਤਿਹਾਸਕ ਪਲ ਅਤੇ ਮੁਕਤ, ਨਿਰਪੱਖ ਅਤੇ ਬਰਾਬਰ ਵਪਾਰ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਦਸਿਆ। ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਈ.ਐਫ.ਟੀ.ਏ.) ਦੇ ਮੈਂਬਰ ਆਈਸਲੈਂਡ, ਲਿਕਟੇਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਵਪਾਰ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਅਤੇ ਫਾਰਮਾ ਵਰਗੇ ਖੇਤਰਾਂ ’ਚ ਨਵੀਨਤਾ ਦੇ ਵਿਸ਼ਵ ਪੱਧਰ ’ਤੇ ਈ.ਐਫ.ਟੀ.ਏ. ਦੇਸ਼ਾਂ ਦੀ ਮੋਹਰੀ ਸਥਿਤੀ ਸਹਿਯੋਗ ਲਈ ਨਵੇਂ ਦਰਵਾਜ਼ੇ ਖੋਲ੍ਹੇਗੀ।

Tags: piyush goyal

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement