
ਜਨਵਰੀ-ਮਾਰਚ ਤਿਮਾਹੀ ’ਚ ਚੋਟੀ ਦੇ 7 ਸ਼ਹਿਰਾਂ ’ਚ 1.30 ਲੱਖ ਲਗਜ਼ਰੀ ਘਰਾਂ ਦੀ ਵਿਕਰੀ ਹੋਈ, ਜੋ 21 ਫੀ ਸਦੀ ਰਹੀ
ਨਵੀਂ ਦਿੱਲੀ : ਭਾਰਤ ’ਚ ਲਗਜ਼ਰੀ (ਐਸ਼ੋ-ਆਰਾਮ ਵਾਲੇ) ਅਤੇ ਮਹਿੰਗੇ ਘਰਾਂ ਦੀ ਵਿਕਰੀ ਪਿਛਲੇ ਪੰਜ ਸਾਲਾਂ ’ਚ ਵਧੀ ਹੈ, ਜੋ 2019 ਦੀ ਪਹਿਲੀ ਤਿਮਾਹੀ ’ਚ 7 ਫੀ ਸਦੀ ਤੋਂ ਵਧ ਕੇ 2024 ਦੀ ਪਹਿਲੀ ਤਿਮਾਹੀ ’ਚ 21 ਫੀ ਸਦੀ ਹੋ ਗਈ ਹੈ। ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਚੋਟੀ ਦੇ 7 ਸ਼ਹਿਰਾਂ ’ਚ 1.30 ਲੱਖ ਲਗਜ਼ਰੀ ਘਰਾਂ ਦੀ ਵਿਕਰੀ ਹੋਈ, ਜੋ 21 ਫੀ ਸਦੀ ਰਹੀ। ਐਨਾਰਾਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੰਜ ਸਾਲ ਪਹਿਲਾਂ 2019 ਦੀ ਪਹਿਲੀ ਤਿਮਾਹੀ ’ਚ ਇਹ ਹਿੱਸੇਦਾਰੀ ਸਿਰਫ 7 ਫੀ ਸਦੀ ਸੀ, ਜੋ ਉਸ ਵੇਲੇ ਤੋਂ 3 ਗੁਣਾ ਜ਼ਿਆਦਾ ਹੈ।
ਦੂਜੇ ਪਾਸੇ, 2024 ਦੀ ਪਹਿਲੀ ਤਿਮਾਹੀ ’ਚ ਸਸਤੇ ਮਕਾਨਾਂ ਦੇ ਮਾਮਲੇ ’ਚ ਲਗਭਗ 26,545 ਇਕਾਈਆਂ ਦੀ ਵਿਕਰੀ ਹੋਈ, ਜੋ ਕੁਲ ਮਕਾਨਾਂ ਦੀ ਵਿਕਰੀ ਦਾ 20 ਫ਼ੀ ਸਦੀ ਹੈ। ਪੰਜ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਇਹ ਵਿਕਰੀ 37 ਫ਼ੀ ਸਦੀ ਰਹੀ ਸੀ।
ਐਨਾਰਾਕ ਗਰੁੱਪ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ, ‘‘ਲਗਜ਼ਰੀ ਮਕਾਨਾਂ ਦੀ ਨਵੀਂ ਸਪਲਾਈ ਅਤੇ ਵਿਕਰੀ ਦੋਵੇਂ ਵਧਦੇ ਜਾ ਰਹੇ ਹਨ, ਜਦਕਿ ਕਿਫਾਇਤੀ ਮਕਾਨ ਲਗਾਤਾਰ ਘਟਦੇ ਜਾ ਰਹੇ ਹਨ। ਲਗਜ਼ਰੀ ਸੈਗਮੈਂਟ ਬਿਹਤਰ ਸਥਾਨਾਂ ’ਤੇ ਬ੍ਰਾਂਡੇਡ ਡਿਵੈਲਪਰਾਂ ਵਲੋਂ ਵੱਡੇ ਘਰਾਂ ਦੀ ਵਧਦੀ ਭੁੱਖ ਤੋਂ ਪ੍ਰੇਰਿਤ ਹੈ।’’ ਉਨ੍ਹਾਂ ਕਿਹਾ, ‘‘ਦੂਜੇ ਪਾਸੇ ਕਿਫਾਇਤੀ ਮਕਾਨ ਮੁੱਖ ਤੌਰ ’ਤੇ ਘੱਟ ਕੀਮਤ ਨਾਲ ਚੱਲਦੇ ਹਨ।’’
ਪਹਿਲੀ ਤਿਮਾਹੀ ’ਚ ਦਿੱਲੀ-ਐੱਨ.ਸੀ.ਆਰ. ’ਚ ਲਗਭਗ 15,645 ਇਕਾਈਆਂ ਦੀ ਵਿਕਰੀ ਹੋਈ, ਜਿਨ੍ਹਾਂ ’ਚੋਂ ਸੱਭ ਤੋਂ ਵੱਧ ਵਿਕਰੀ (6,060 ਇਕਾਈ ਜਾਂ 39 ਫੀ ਸਦੀ) ਲਗਜ਼ਰੀ ਘਰਾਂ ਦੀ ਰਹੀ, ਜਿਨ੍ਹਾਂ ਦੀ ਕੀਮਤ 1.5 ਕਰੋੜ ਰੁਪਏ ਤੋਂ ਵੱਧ ਹੈ। ਪੰਜ ਸਾਲ ਪਹਿਲਾਂ, ਇਸ ਖੇਤਰ ’ਚ ਲਗਜ਼ਰੀ ਵਿਕਰੀ ਹਿੱਸੇਦਾਰੀ ਵੇਚੇ ਗਏ ਕੁਲ ਘਰਾਂ (ਲਗਭਗ 13,740 ਇਕਾਈਆਂ) ਦਾ ਸਿਰਫ 4 ਫ਼ੀ ਸਦੀ ਸੀ।
ਸਾਲ 2024 ਦੀ ਪਹਿਲੀ ਤਿਮਾਹੀ ’ਚ ਬੈਂਗਲੁਰੂ, ਮੁੰਬਈ ਮੈਟਰੋਪੋਲੀਟਨ ਰੀਜਨ (ਐੱਮ.ਐੱਮ.ਆਰ.), ਚੇਨਈ, ਪੁਣੇ ਅਤੇ ਹੈਦਰਾਬਾਦ ’ਚ ਮਿਡ-ਰੇਂਜ ਅਤੇ ਪ੍ਰੀਮੀਅਮ ਸੈਗਮੈਂਟ (40 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੀ ਕੀਮਤ ਵਾਲੀਆਂ ਇਕਾਈਆਂ) ’ਚ ਸੱਭ ਤੋਂ ਜ਼ਿਆਦਾ ਵਿਕਰੀ ਹੋਈ। ਜਦਕਿ ਕਿਫਾਇਤੀ ਮਕਾਨਾਂ ਦੀ ਗੱਲ ਆਉਂਦੀ ਹੈ, ਤਾਂ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਕੁਲ ਨਵੇਂ ਲਾਂਚਾਂ ’ਚ ਇਸ ਦੀ ਸਪਲਾਈ ਹਿੱਸੇਦਾਰੀ ਘਟ ਕੇ 18 ਫ਼ੀ ਸਦੀ ਰਹਿ ਗਈ ਹੈ। ਰੀਪੋਰਟ ਮੁਤਾਬਕ 2019 ’ਚ ਕਿਫਾਇਤੀ ਘਰਾਂ ਦੀ ਨਵੀਂ ਸਪਲਾਈ ਹਿੱਸੇਦਾਰੀ ਕੁਲ ਨਵੇਂ ਸਪਲਾਈ ਵਾਧੇ ’ਚੋਂ 40 ਫੀ ਸਦੀ ਸੀ।