ਰਿਲਾਇੰਸ ਨੇ ਕੱਢੇ 42 ਹਜ਼ਾਰ ਮੁਲਾਜ਼ਮ, ਰਿਟੇਲ ਕਾਰੋਬਾਰ ਸਭ ਤੋਂ ਜ਼ਿਆਦਾ ਪ੍ਰਭਾਵਤ
ਮੁੰਬਈ: ਭਾਰਤ ਦੀ ਸੱਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਹਾਲ ਹੀ ’ਚ ਅਪਣੇ ਮੁਲਾਜ਼ਮਾਂ ਦੀ ਗਿਣਤੀ ’ਚ ਵੱਡੀ ਕਟੌਤੀ ਕੀਤੀ ਹੈ। ਰਿਲਾਇੰਸ ਇੰਡਸਟਰੀਜ਼ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਨੇ ਵਿੱਤੀ ਸਾਲ 2023-24 ’ਚ 42,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿਤਾ। ਖਾਸ ਤੌਰ ’ਤੇ ਕੰਪਨੀ ਦੇ ਰਿਟੇਲ ਡਿਵੀਜ਼ਨ ’ਚ ਇਸ ਵੱਡੀ ਕਟੌਤੀ ਨੇ ਚਿੰਤਾਵਾਂ ਵਧਾ ਦਿਤੀਆਂ ਹਨ।
ਮੁਲਾਜ਼ਮਾਂ ਦੀ ਕਟੌਤੀ RIL ਦੀ ਅਪਣੇ ਖ਼ਰਚ ਘਟਾਉਣ ਦੀ ਰਣਨੀਤੀ ਦਾ ਹਿੱਸਾ ਹੈ। ਕੰਪਨੀ ਦੇ ਕੁਲ ਮੁਲਾਜ਼ਮਾਂ ਦੀ ਗਿਣਤੀ ਵਿੱਤੀ ਸਾਲ 2022-23 ਦੇ 3.89 ਲੱਖ ਤੋਂ ਘਟ ਕੇ ਵਿੱਤੀ ਸਾਲ 2023-24 ’ਚ 3.47 ਲੱਖ ਰਹਿ ਗਈ। ਇਸ ਤੋਂ ਇਲਾਵਾ ਵਿੱਤੀ ਸਾਲ 2024 ’ਚ ਨਵੇਂ ਮੁਲਾਜ਼ਮਾਂ ਦੀ ਭਰਤੀ ’ਚ ਇਕ ਤਿਹਾਈ ਤੋਂ ਜ਼ਿਆਦਾ ਦੀ ਕਮੀ ਆਈ ਹੈ।
ਰਿਲਾਇੰਸ ਇੰਡਸਟਰੀਜ਼ ਦੇ ਇਸ ਕਦਮ ਨੂੰ ਰਣਨੀਤਕ ਕਾਰੋਬਾਰੀ ਫੈਸਲੇ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ ਪਰ ਇਸ ਨਾਲ ਚਿੰਤਾ ਵੀ ਪੈਦਾ ਹੋ ਗਈ ਹੈ। ਰਿਲਾਇੰਸ ਇੰਡਸਟਰੀਜ਼ ਦਾ ਰਿਟੇਲ ਕਾਰੋਬਾਰ, ਜੋ ਇਸ ਦੇ ਕੁਲ ਮੁਲਾਜ਼ਮਾਂ ਦਾ ਲਗਭਗ 60٪ ਹਿੱਸਾ ਹੈ, ਇਸ ਕਟੌਤੀ ਨਾਲ ਸੱਭ ਤੋਂ ਵੱਧ ਪ੍ਰਭਾਵਤ ਹੋਇਆ। ਰਿਟੇਲ ਕਾਰੋਬਾਰ ’ਚ ਮੁਲਾਜ਼ਮਾਂ ਦੀ ਗਿਣਤੀ ਵਿੱਤੀ ਸਾਲ 2023 ’ਚ 2.45 ਲੱਖ ਤੋਂ ਘਟ ਕੇ ਵਿੱਤੀ ਸਾਲ 2024 ’ਚ 2.07 ਲੱਖ ਹੋ ਗਈ।
ਇਸ ਦੇ ਨਾਲ ਹੀ ਕੰਪਨੀ ਦੇ ਕਈ ਸਟੋਰ ਵੀ ਬੰਦ ਹੋ ਗਏ ਅਤੇ ਰਿਟੇਲ ਨੈੱਟਵਰਕ ਦੇ ਵਿਸਥਾਰ ’ਚ ਮੰਦੀ ਆਈ। ਰਿਲਾਇੰਸ ਰਿਟੇਲ ਨੇ ਵਿੱਤੀ ਸਾਲ 2023 ’ਚ 3,300 ਤੋਂ ਵੱਧ ਨਵੇਂ ਸਟੋਰ ਜੋੜੇ, ਜਦਕਿ ਵਿੱਤੀ ਸਾਲ 2024 ’ਚ ਸਿਰਫ 800 ਸਟੋਰਾਂ ਦਾ ਸ਼ੁੱਧ ਵਾਧਾ ਹੋਇਆ, ਜਿਸ ਨਾਲ ਕੁਲ ਸਟੋਰ 18,836 ਹੋ ਗਏ। ਟੈਲੀਕਾਮ ਡਿਵੀਜ਼ਨ ਰਿਲਾਇੰਸ ਜਿਓ ’ਚ ਵੀ ਮੁਲਾਜ਼ਮਾਂ ਦੀ ਗਿਣਤੀ ’ਚ ਕਮੀ ਆਈ ਹੈ ਅਤੇ ਮੁਲਾਜ਼ਮਾਂ ਦੀ ਗਿਣਤੀ ਵਿੱਤੀ ਸਾਲ 2023 ’ਚ 95,326 ਤੋਂ ਘਟ ਕੇ ਵਿੱਤੀ ਸਾਲ 2024 ’ਚ 90,067 ਰਹਿ ਗਈ ਹੈ। ਇਨ੍ਹਾਂ ਕਟੌਤੀਆਂ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਦਾ ਮੁਲਾਜ਼ਮਾਂ ’ਤੇ ਖਰਚ ਸਾਲਾਨਾ ਆਧਾਰ ’ਤੇ 3 ਫੀ ਸਦੀ ਵਧ ਕੇ 25,699 ਕਰੋੜ ਰੁਪਏ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਦੇ ਮੁਲਾਜ਼ਮਾਂ ਦੀ ਕਟੌਤੀ ਦਾ ਉਦੇਸ਼ ਸੰਚਾਲਨ ਨੂੰ ਸੁਚਾਰੂ ਬਣਾਉਣਾ ਅਤੇ ਕੁਸ਼ਲਤਾ ਨੂੰ ਵਧਾਉਣਾ ਹੈ, ਪਰ ਇਹ ਵਿਆਪਕ ਆਰਥਕ ਪ੍ਰਭਾਵ ਬਾਰੇ ਵੀ ਸਵਾਲ ਖੜ੍ਹੇ ਕਰਦਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਆਕਾਰ ਦੀ ਕੰਪਨੀ ਲਈ ਨੌਕਰੀਆਂ ’ਚ ਇਸ ਤਰ੍ਹਾਂ ਦੀ ਕਟੌਤੀ ਅਰਥਵਿਵਸਥਾ ਦੇ ਅੰਦਰ ਚੁਨੌਤੀਆਂ ਦਾ ਸੰਕੇਤ ਦੇ ਸਕਦੀ ਹੈ, ਖਾਸ ਤੌਰ ’ਤੇ ਪ੍ਰਚੂਨ ਵਰਗੇ ਖੇਤਰਾਂ ’ਚ ਜੋ ਖਪਤਕਾਰਾਂ ਦੇ ਖਰਚ ਅਤੇ ਆਰਥਕ ਸਥਿਰਤਾ ’ਤੇ ਨਿਰਭਰ ਕਰਦੇ ਹਨ।
ਰਿਟੇਲ ਖੇਤਰ ’ਚ ਤੇਜ਼ ਕਟੌਤੀ ਖਪਤਕਾਰਾਂ ਦੇ ਵਿਵਹਾਰ ਜਾਂ ਬਾਜ਼ਾਰ ਦੀਆਂ ਸਥਿਤੀਆਂ ’ਚ ਸੰਭਾਵਤ ਤਬਦੀਲੀਆਂ ਦਾ ਸੰਕੇਤ ਹੈ ਜਿਸ ਨੇ RIL ਨੂੰ ਅਪਣੇ ਮੁਲਾਜ਼ਮਾਂ ਦਾ ਮੁੜ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ। ਜਿਵੇਂ ਕਿ ਭਾਰਤ ਰੋਜ਼ਗਾਰ ਸਿਰਜਣ ’ਚ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, RIL ਦੇ ਵੱਡੇ ਪੱਧਰ ’ਤੇ ਕਟੌਤੀ ਦੇ ਵਿਆਪਕ ਆਰਥਕ ਪ੍ਰਭਾਵ ਹੋ ਸਕਦੇ ਹਨ।