
ਮਿੱਟੀ ਤੋਂ ਤਿਆਰ ਕੀਤੇ ਜਾਂਦੇ ਸਮਾਨ ਦੀ ਬਾਜ਼ਾਰ ਵਿਚ ਨਹੀਂ ਮਿਲਦੀ ਪੂਰੀ ਕੀਮਤ
ਫਰੀਦਕੋਟ : ਤਿਉਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਜਿਸਦੇ ਚਲਦਿਆਂ ਸ਼ਹਿਰਾਂ, ਪਿੰਡਾਂ ਅਤੇ ਬਾਜ਼ਾਰਾਂ ਦੇ ਵਿਚ ਬਦਲਦੇ ਮੌਸਮ ਦੇ ਨਾਲ-ਨਾਲ ਰੌਣਕਾਂ ਵੀ ਲੱਗਣੀਆਂ ਵੀ ਹੋ ਚੁੱਕੀਆਂ ਹਨ। ਤਿਉਹਾਰਾਂ ਦੇ ਦਿਨ ਸ਼ੁਰੂ ਹੋਣ ਦੇ ਨਾਲ ਹੀ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਦੇਖਣ ਨੂੰ ਮਿਲਦੀ ਹੈ। ਮਿੱਟੀ ਦੇ ਬਰਤਨ ਅਤੇ ਦੀਵੇ ਆਦਿ ਬਣਾਉਣ ਵਾਲੇ ਘੁਮਿਆਰ ਕਿੱਤੇ ਨਾਲ ਜੁੜੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦੇ ਇਕ ਪਰਿਵਾਰ ਨਾਲ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਗੱਲਬਾਤ ਕੀਤੀ ਗਈ। ਇਸ ਸਾਰੀ ਗੱਲਬਾਤ ਦੌਰਾਨ ਉਨ੍ਹਾਂ ਸਾਹਮਣੇ ਆਉਂਦੀਆਂ ਆਪਣੀਆਂ ਸਾਰੀਆਂ ਔਕੜਾਂ ਸਬੰਧੀ ਦੱਸਿਆ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਤਾਂ ਸਾਡੇ ਵੱਲੋਂ ਬਣਾਇਆ ਗਿਆ ਮਿੱਟੀ ਦਾ ਸਮਾਨ ਆਮ ਲੋਕਾਂ ਵੱਲੋਂ ਨਿੱਤ ਵਰਤੋਂ ਲਈ ਖਰੀਦਿਆ ਜਾਂਦਾ ਸੀ ਪਰ ਬਦਲਦੇ ਸਮੇਂ ਨੇ ਸਾਡੇ ਕੰਮ-ਕਾਜ ਨੂੰ ਕਾਫ਼ੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਤਾਂ ਸਾਨੂੰ ਇਸ ਕੰਮ ਦੇ ਸਹਾਰੇ ਗੁਜ਼ਾਰਾ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ।
ਇਸ ਮੌਕੇ ਹਰੀਚੰਦ ਨੇ ਗੱਲ ਕਰਦਿਆਂ ਕਿਹਾ ਕਿ ਇਹ ਸਾਡਾ ਪਿਤਾ ਪੁਰਖੀ ਕੰਮ ਹੈ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਕੰਮ ਨਹੀਂ ਮਿਲਿਆ,ਜਿਸ ਕਰਕੇ ਅਸੀਂ ਆਪਣਾ ਪਿਤਾ ਪੁਰਖੀ ਕੰਮ ਹੀ ਕਰ ਰਹੇ ਹਾਂ, ਪਰ ਸਾਡੇ ਕੰਮ ਦੀ ਬਾਜ਼ਾਰ ਅੰਦਰ ਕੋਈ ਬਹੁਤੀ ਕਦਰ ਨਹੀਂ ਰਹੀ ਕਿਉਂਕਿ ਬਾਜਾਰ ਵਿਚ ਬਹੁਤ ਜ਼ਿਆਦਾ ਚਾਈਨੀਜ਼ ਅਤੇ ਫੈਂਸੀ ਸਮਾਨ ਆ ਚੁੱਕਿਆ ਅਤੇ ਲੋਕ ਦੇਸੀ ਮਿੱਟੀ ਦੇ ਬਰਤਨ ਵਰਤਣ ਅਤੇ ਮਿੱਟੀ ਦੀਵੇ ਬਾਲਣ ਤੋਂ ਪਿੱਛੇ ਹਟਦੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਿੱਟੀ ਦੇ ਬਰਤਨ ਜਾਂ ਦੀਵੇ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਤਾਂ ਇਹ ਬਰਤਨ ਜਾਂ ਦੀਵੇ ਆਦਿ ਬਣਾਉਣ ਲਈ ਸਾਨੂੰ ਮਿੱਟੀ ਮੁੱਲ ਖਰੀਦਣੀ ਪੈਂਦੀ ਹੈ। ਇਸ ਤੋਂ ਬਾਅਦ ਦੀਵਿਆਂ ਆਦਿ ਨੂੰ ਤਿਆਰ ਕਰਕੇ ਪਕਾਇਆ ਜਾਂਦਾ ਹੈ, ਜਿਸ ਦੇ ਲਈ ਸਾਨੂੰ ਬਾਲਣ ਵੀ ਮੁੱਲ ਹੀ ਖਰੀਦਣਾ ਪੈਂਦਾ। ਇਸ ਤੋਂ ਬਾਅਦ ਇਨ੍ਹਾਂ ਨੂੰ ਰੰਗ ਕਰਕੇ ਸ਼ਿੰਗਾਰਿਆ ਜਾਂਦਾ ਹੈ। ਜਦੋਂ ਦੀਵੇ ਜਾਂ ਬਰਤਨ ਆਦਿ ਬਣ ਕੇ ਤਿਆਰ ਹੋ ਜਾਂਦੇ ਹਨ ਤਾਂ ਇਨ੍ਹਾਂ ਦੀ ਬਾਜ਼ਾਰ ਵਿਚ ਸਾਨੂੰ ਯੋਗ ਕੀਮਤ ਨਹੀਂ ਮਿਲਦੀ। ਜਦਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਨ ’ਤੇ ਕਾਫ਼ੀ ਜ਼ਿਆਦਾ ਖਰਚ ਆ ਜਾਂਦਾ ਹੈ। ਇਸ ਮੌਕੇ ਸੋਨੂੰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਇਸ ਕੰਮ ਨੂੰ ਹੋਰ ਵਧਾਉਣ ਲਈ ਸਰਕਾਰ ਵੱਲੋਂ ਕਰਜ਼ਾ ਵੀ ਨਹੀਂ ਦਿੱਤਾ ਜਾਂਦਾ ਅਤੇ ਸਾਡੇ ਕੋਲ ਜਗ੍ਹਾ ਦੀ ਬਹੁਤ ਜ਼ਿਆਦਾ ਘਾਟ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕਈ ਬੱਚੇ ਪੜ੍ਹੇ ਲਿਖੇ ਹਨ ਅਤੇ ਕਈ ਪ੍ਰਾਈਵੇਟ ਖੇਤਰਾਂ ਵਿਚ ਨੌਕਰੀਆਂ ਵੀ ਕਰ ਰਹੇ ਹਨ ਪਰ ਸਾਡੇ ਕਿਸੇ ਵੀ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਉਨ੍ਹਾਂ ਸਰਕਾਰ ਅਪੀਲ ਕਰਦਿਆਂ ਕਿਹਾ ਕਿ ਸਾਡੇ ਘੁਮਿਆਰ ਭਾਈਚਾਰੇ ਵੱਲ ਥੋੜ੍ਹਾ ਧਿਆਨ ਜ਼ੂਰਰ ਦਿੱਤਾ ਜਾਵੇ ਅਤੇ ਸਰਕਾਰ ਸਾਡੇ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ। ਇਸ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਕਿਸੇ ਵੀ ਫੈਂਸੀ ਆਈਟਮ ਦਾ ਵਿਰੋਧ ਨਹੀਂ ਕਰਦੇ ਪਰ ਉਹ ਸਾਡੇ ਵੱਲੋਂ ਤਿਆਰ ਕੀਤਾ ਜਾਂਦਾ ਮਿੱਟੀ ਦਾ ਸਮਾਨ ਵੀ ਜ਼ਰੂਰ ਖਰੀਦਣ। ਉਨ੍ਹਾਂ ਕਿਹਾ ਕਿ ਜਿਵੇਂ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਸਰ੍ਹੋਂ ਦਾ ਤੇਲ ਪਾ ਕੇ ਬਾਲ਼ੇ ਜਾਣ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸਾਡੇ ਕੰਮ ਨੂੰ ਹੁਲਾਰਾ ਮਿਲੇਗਾ ਉਥੇ ਹੀ ਵਾਤਾਵਰਨ ਵੀ ਸ਼ੁੱਧ ਹੋਵੇਗਾ ਕਿਉਂਕਿ ਸਰ੍ਹੋਂ ਦੇ ਤੇਲ ਦੇ ਵੇ ਬਾਲਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ।