
ਸਤੰਬਰ ਤਿਮਾਹੀ ਦੀ ਵਿਕਾਸ ਦਰ 7.6 ਫ਼ੀ ਸਦੀ ਰਹੀ ਹੈ ਅਤੇ ਨਿਰਮਾਣ ਖੇਤਰ ਦਾ ਪੀ.ਐਮ.ਆਈ. ਘਟ ਕੇ 56 ਫ਼ੀ ਸਦੀ ਹੋ ਗਈ।
Share Market: ਘਰੇਲੂ ਆਰਥਕ ਅੰਕੜਿਆਂ ਦੇ ਅਨੁਕੂਲ ਹੋਣ ਅਤੇ ਅਮਰੀਕਾ ’ਚ ਵਿਆਜ ਦਰਾਂ ਨੂੰ ਲੈ ਕੇ ਚਿੰਤਾਵਾਂ ਘੱਟ ਹੋਣ ਕਾਰਨ ਸਥਾਨਕ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕ ਅੰਕ ਸ਼ੁਕਰਵਾਰ ਨੂੰ ਨਵੇਂ ਸਿਖਰ ’ਤੇ ਪਹੁੰਚ ਗਏ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 969 ਅੰਕ ਚੜ੍ਹ ਕੇ ਪਹਿਲੀ ਵਾਰ 71,000 ਦੇ ਪੱਧਰ ਨੂੰ ਪਾਰ ਕਰ ਗਿਆ।
ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਨਿਰੰਤਰ ਖਰੀਦਦਾਰੀ ਦੇ ਵਿਚਕਾਰ ਸੂਚਨਾ ਤਕਨਾਲੋਜੀ (ਆਈ.ਟੀ.), ਤਕਨਾਲੋਜੀ ਅਤੇ ਧਾਤੂ ਸ਼ੇਅਰਾਂ ਵਿਚ ਭਾਰੀ ਖਰੀਦਦਾਰੀ ਨਾਲ ਘਰੇਲੂ ਸ਼ੇਅਰ ਬਾਜ਼ਾਰ ਨੂੰ ਹੁਲਾਰਾ ਮਿਲਿਆ। ਘਰੇਲੂ ਬਾਜ਼ਾਰਾਂ ’ਚ ਲਗਾਤਾਰ ਤੀਜੇ ਦਿਨ ਤੇਜ਼ੀ ਦਰਜ ਕੀਤੀ ਗਈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 969.55 ਅੰਕ ਯਾਨੀ 1.37 ਫੀ ਸਦੀ ਦੀ ਤੇਜ਼ੀ ਨਾਲ 71,483.75 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 1,091.56 ਅੰਕ ਯਾਨੀ 1.54 ਫੀ ਸਦੀ ਦੇ ਵਾਧੇ ਨਾਲ 71,605.76 ਅੰਕ ’ਤੇ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 273.95 ਅੰਕ ਯਾਨੀ 1.29 ਫੀ ਸਦੀ ਦੇ ਵਾਧੇ ਨਾਲ 21,456.65 ਅੰਕ ਦੇ ਨਵੇਂ ਸਿਖਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 309.6 ਅੰਕ ਯਾਨੀ 1.46 ਫੀ ਸਦੀ ਦੇ ਵਾਧੇ ਨਾਲ 21,492.30 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਐਲਕੇਪੀ ਸਕਿਓਰਿਟੀਜ਼ ਦੇ ਸੀਨੀਅਰ ਤਕਨੀਕੀ ਵਿਸ਼ਲੇਸ਼ਕ ਰੂਪਕ ਡੇ ਨੇ ਕਿਹਾ, ‘‘ਨਿਫਟੀ ਦਾ ਉਛਾਲ ਦਾ ਰੁਝਾਨ ਬਾਜ਼ਾਰ ’ਤੇ ਬੁੱਲਜ਼ ਦੇ ਕੰਟਰੋਲ ਨਾਲ ਮੇਲ ਖਾਂਦਾ ਹੈ। ਇੰਡੈਕਸ ਲਗਾਤਾਰ ਸੱਤਵੇਂ ਹਫਤੇ ਤੇਜ਼ੀ ਨਾਲ ਸਮਾਪਤ ਹੋਇਆ ਹੈ।’’
ਹਫਤਾਵਾਰੀ ਆਧਾਰ ’ਤੇ ਬੀ.ਐਸ.ਈ. ਸੈਂਸੈਕਸ 1,658.15 ਅੰਕ ਯਾਨੀ 2.37 ਫੀ ਸਦੀ ਵਧਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 487.25 ਅੰਕ ਯਾਨੀ 2.32 ਫੀ ਸਦੀ ਵਧਿਆ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਬਾਜ਼ਾਰ ’ਚ ਉਛਾਲ ਜਾਰੀ ਹੈ ਕਿਉਂਕਿ ਨਿਵੇਸ਼ਕਾਂ ਨੂੰ ਉਮੀਦ ਹੈ ਕਿ 2024 ਦੀ ਦੂਜੀ ਛਿਮਾਹੀ ਤਕ ਅਮਰੀਕੀ ਆਰਥਕ ਵਿਕਾਸ ’ਤੇ ਬੱਦਲ ਸਾਫ ਹੋ ਜਾਣਗੇ ਅਤੇ ਮੁਦਰਾ ਨੀਤੀ ਦੇ ਸਧਾਰਣ ਹੋਣ ਨਾਲ ਅਰਥਵਿਵਸਥਾ ਨੂੰ ਹੋਰ ਗਤੀ ਮਿਲੇਗੀ।
ਵਿਸ਼ਲੇਸ਼ਕਾਂ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਦੀ ਵਿਆਜ ਦਰ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਅਗਲੇ ਸਾਲ ਦਰਾਂ ’ਚ ਕਟੌਤੀ ਦੇ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵਿਦੇਸ਼ੀ ਪੂੰਜੀ ਦਾ ਨਿਰੰਤਰ ਪ੍ਰਵਾਹ ਹੋਇਆ ਹੈ ਅਤੇ ਸ਼ੇਅਰਾਂ ’ਚ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ ’ਤੇ ਕਈ ਸਕਾਰਾਤਮਕ ਆਰਥਕ ਅੰਕੜਿਆਂ ਨੇ ਵੀ ਤੇਜ਼ੀ ਨੂੰ ਮਜ਼ਬੂਤ ਕੀਤਾ ਹੈ। ਸਤੰਬਰ ਤਿਮਾਹੀ ਦੀ ਵਿਕਾਸ ਦਰ 7.6 ਫ਼ੀ ਸਦੀ ਰਹੀ ਹੈ ਅਤੇ ਨਿਰਮਾਣ ਖੇਤਰ ਦਾ ਪੀ.ਐਮ.ਆਈ. ਘਟ ਕੇ 56 ਫ਼ੀ ਸਦੀ ਹੋ ਗਈ।
ਕੱਚੇ ਤੇਲ ਦੀਆਂ ਕੀਮਤਾਂ 76 ਡਾਲਰ ਪ੍ਰਤੀ ਬੈਰਲ ਦੇ ਨੇੜੇ ਆਉਣ ਨਾਲ ਵੀ ਸ਼ੇਅਰ ਬਾਜ਼ਾਰ ਨੂੰ ਵੀ ਮਜ਼ਬੂਤੀ ਮਿਲੀ। ਸੈਂਸੈਕਸ ’ਚ ਐਚ.ਸੀ.ਐਲ. ਟੈਕਨਾਲੋਜੀਜ਼ ਦਾ ਸ਼ੇਅਰ ਸਭ ਤੋਂ ਵੱਧ 5.58 ਫੀ ਸਦੀ ਵਧਿਆ। ਇਸ ਤੋਂ ਬਾਅਦ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਅਤੇ ਇਨਫੋਸਿਸ, ਐਸ.ਬੀ.ਆਈ., ਟੈਕ ਮਹਿੰਦਰਾ, ਟਾਟਾ ਸਟੀਲ, ਐਨ.ਟੀ.ਪੀ.ਸੀ. ਅਤੇ ਵਿਪਰੋ ਦਾ ਸਥਾਨ ਰਿਹਾ।
ਦੂਜੇ ਪਾਸੇ ਨੈਸਲੇ, ਭਾਰਤੀ ਏਅਰਟੈੱਲ, ਮਾਰੂਤੀ ਅਤੇ ਆਈ.ਟੀ.ਸੀ. ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.58 ਫੀ ਸਦੀ ਵਧਿਆ ਪਰ ਮਿਡਕੈਪ ਇੰਡੈਕਸ 0.07 ਫੀ ਸਦੀ ਡਿੱਗਿਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.33 ਫੀਸਦੀ ਦੀ ਤੇਜ਼ੀ ਨਾਲ 76.86 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਉਧਰ ਸ਼ੇਅਰਾਂ ’ਚ ਰੀਕਾਰਡ ਤੇਜ਼ ਨਾਲ ਰੁਪਏ ਦੀ ਕੀਮਤ ’ਚ ਵੀ ਅਮਰੀਕੀ ਮੁਦਰਾ ਮੁਕਾਬਲੇ ਵੱਡਾ ਉਛਾਲ ਵੇਖਣ ਨੂੰ ਮਿਲਿਆ ਜੋ 83.03 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
(For more news apart from Share Market, stay tuned to Rozana Spokesman)