ਸੈਂਸੈਕਸ ’ਚ ਐਨ.ਟੀ.ਪੀ.ਸੀ. ਦਾ ਸ਼ੇਅਰ ਸੱਭ ਤੋਂ ਜ਼ਿਆਦਾ 2.44 ਫੀ ਸਦੀ ਵਧਿਆ
ਮੁੰਬਈ : ਸਥਾਨਕ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦੇ ਨਾਲ ਸੋਮਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 98 ਅੰਕ ਵਧ ਕੇ ਅਪਣੇ ਹੁਣ ਤਕ ਸਭ ਤੋਂ ਉੱਚ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਐਨ.ਐਸ.ਈ. ਨਿਫਟੀ ਵੀ ਰੀਕਾਰਡ ਉਚਾਈ ’ਤੇ ਪਹੁੰਚਣ ’ਚ ਕਾਮਯਾਬ ਰਿਹਾ। ਵਿਦੇਸ਼ੀ ਫੰਡਾਂ ਦੇ ਪ੍ਰਵਾਹ ਦੇ ਵਿਚਕਾਰ ਊਰਜਾ ਅਤੇ ਬੈਂਕ ਸਟਾਕਾਂ ’ਚ ਖਰੀਦਦਾਰੀ ਨਾਲ ਬਾਜ਼ਾਰ ’ਚ ਤੇਜ਼ੀ ਆਈ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 97.84 ਅੰਕ ਯਾਨੀ 0.12 ਫੀ ਸਦੀ ਦੀ ਤੇਜ਼ੀ ਨਾਲ 82,988.78 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 293.4 ਅੰਕ ਚੜ੍ਹ ਕੇ 83,184.34 ਦੇ ਨਵੇਂ ਸਿਖਰ ’ਤੇ ਪਹੁੰਚ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 27.25 ਅੰਕ ਯਾਨੀ 0.11 ਫੀ ਸਦੀ ਦੇ ਵਾਧੇ ਨਾਲ 25,383.75 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 89.2 ਅੰਕ ਯਾਨੀ 0.2 ਫੀ ਸਦੀ ਦੇ ਵਾਧੇ ਨਾਲ 25,445.70 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ।
ਸੈਂਸੈਕਸ ’ਚ ਐਨ.ਟੀ.ਪੀ.ਸੀ. ਦਾ ਸ਼ੇਅਰ ਸੱਭ ਤੋਂ ਜ਼ਿਆਦਾ 2.44 ਫੀ ਸਦੀ ਵਧਿਆ। ਦੂਜੇ ਪਾਸੇ ਜੇ.ਐਸ.ਡਬਲਯੂ. ਸਟੀਲ, ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਨੈਸਲੇ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਸਟੀਲ ਦੇ ਸ਼ੇਅਰਾਂ ’ਚ ਸੱਭ ਤੋਂ ਵੱਧ ਵਾਧਾ ਹੋਇਆ।
ਦੂਜੇ ਪਾਸੇ ਬਜਾਜ ਫਾਈਨਾਂਸ ਦਾ ਸ਼ੇਅਰ ਤਿੰਨ ਫੀ ਸਦੀ ਤੋਂ ਜ਼ਿਆਦਾ ਡਿੱਗ ਗਿਆ। ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵ, ਅਡਾਨੀ ਪੋਰਟਸ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ’ਚ ਵੀ ਗਿਰਾਵਟ ਦਰਜ ਕੀਤੀ ਗਈ।
ਜੀਓਜੀਤ ਫਾਈਨੈਂਸ਼ੀਅਲ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਘਰੇਲੂ ਵਿਕਾਸ ’ਚ ਸਥਿਰਤਾ ਦੀ ਉਮੀਦ ਨਾਲ ਨਿਵੇਸ਼ਕਾਂ ਦੀ ਧਾਰਨਾ ਆਸ਼ਾਵਾਦੀ ਬਣੀ ਰਹਿਣ ਦੀ ਸੰਭਾਵਨਾ ਹੈ।
ਵਿਆਪਕ ਬਾਜ਼ਾਰ ’ਚ ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.28 ਫੀ ਸਦੀ ਅਤੇ ਮਿਡਕੈਪ ਇੰਡੈਕਸ 0.01 ਫੀ ਸਦੀ ਵਧਿਆ ਹੈ। ਪ੍ਰਭੂਦਾਸ ਲਿਲਾਧਰ ਫਰਮ ਦੇ ਸਲਾਹਕਾਰ ਮੁਖੀ (ਪੀ.ਐਲ. ਕੈਪੀਟਲ) ਵਿਕਰਮ ਕਾਸਤ ਨੇ ਕਿਹਾ, ‘‘ਭਾਰਤੀ ਬਾਜ਼ਾਰਾਂ ਨੇ ਤੇਜ਼ੀ ਦਾ ਰੁਝਾਨ ਕਾਇਮ ਰੱਖਿਆ ਅਤੇ ਨਿਫਟੀ ਅਪਣੇ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਅਤੇ ਮਜ਼ਬੂਤ ਬਾਜ਼ਾਰ ਬੁਨਿਆਦੀ ਢਾਂਚੇ ਨੇ ਇਸ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਹਾਲਾਂਕਿ, ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਨਾਲ ਆਸ਼ਾਵਾਦੀ ਰਹਿ ਸਕਦੇ ਹਨ।’’
ਹਾਂਗਕਾਂਗ ਦਾ ਹੈਂਗਸੇਂਗ ਹੋਰ ਏਸ਼ੀਆਈ ਬਾਜ਼ਾਰਾਂ ’ਚ ਤੇਜ਼ੀ ਨਾਲ ਬੰਦ ਹੋਇਆ। ਜਾਪਾਨ, ਚੀਨ ਅਤੇ ਦਖਣੀ ਕੋਰੀਆ ਵਿਚ ਛੁੱਟੀਆਂ ਲਈ ਬਾਜ਼ਾਰ ਬੰਦ ਰਹੇ। ਯੂਰਪੀਅਨ ਬਾਜ਼ਾਰਾਂ ’ਚ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਸੀ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰ ਉੱਚੇ ਪੱਧਰ ’ਤੇ ਸਨ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 2,364.82 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 2,532.18 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.35 ਫੀ ਸਦੀ ਦੀ ਤੇਜ਼ੀ ਨਾਲ 71.90 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਕਰਵਾਰ ਨੂੰ ਸੈਂਸੈਕਸ ’ਚ 71.77 ਅੰਕ ਅਤੇ ਨਿਫਟੀ ’ਚ 32.40 ਅੰਕ ਦੀ ਗਿਰਾਵਟ ਆਈ ਸੀ।