
ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਈ.ਪੀ.ਐਫ਼.ਓ. ਦੀਆਂ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ : ਸੇਵਾਮੁਕਤੀ ਫ਼ੰਡ ਸੰਸਥਾ EPFO ਦੇ 7.6 ਕਰੋੜ ਤੋਂ ਵੱਧ ਮੈਂਬਰ ਹੁਣ ਨਿੱਜੀ ਵੇਰਵਿਆਂ ਜਿਵੇਂ ਕਿ ਨਾਮ ਅਤੇ ਜਨਮ ਤਾਰੀਖ ’ਚ ਆਨਲਾਈਨ ਬਦਲਾਅ ਕਰ ਸਕਦੇ ਹਨ, ਉਹ ਵੀ ਰੁਜ਼ਗਾਰਦਾਤਾ ਵਲੋਂ ਕਿਸੇ ਤਸਦੀਕ ਜਾਂ ਈ.ਪੀ.ਐਫ.ਓ. ਦੀ ਮਨਜ਼ੂਰੀ ਤੋਂ ਬਗ਼ੈਰ। ਇਹ ਸਹੂਲਤ ਸਨਿਚਰਵਾਰ ਨੂੰ ਸ਼ੁਰੂ ਹੋਈ। ਇਸ ਤੋਂ ਇਲਾਵਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਈ-ਕੇ.ਵਾਈ.ਸੀ. ਈ.ਪੀ.ਐਫ਼. ਖਾਤੇ (ਆਧਾਰ ਨਾਲ ਜੁੜੇ) ਵਾਲੇ ਮੈਂਬਰ ਰੁਜ਼ਗਾਰਦਾਤਾ ਦੇ ਦਖਲ ਤੋਂ ਬਗ਼ੈਰ ਸਿੱਧੇ ਆਧਾਰ ਓ.ਟੀ.ਪੀ. (ਵਨ ਟਾਈਮ ਪਾਸਵਰਡ) ਨਾਲ ਅਪਣੇ ਈ.ਪੀ.ਐਫ਼. ਟਰਾਂਸਫ਼ਰ ਦਾਅਵੇ ਆਨਲਾਈਨ ਦਾਇਰ ਕਰ ਸਕਦੇ ਹਨ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਸਨਿਚਰਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ਼.ਓ.) ਦੀਆਂ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ‘‘ਈ.ਪੀ.ਐਫ਼.ਓ. ਮੈਂਬਰਾਂ ਵਲੋਂ ਦਰਜ ਕਰਵਾਈਆਂ ਗਈਆਂ ਲਗਭਗ 27 ਫ਼ੀ ਸਦੀ ਸ਼ਿਕਾਇਤਾਂ ਮੈਂਬਰ ਪ੍ਰੋਫਾਈਲਾਂ/ਪ੍ਰੋਫਾਈਲਾਂ ਨਾਲ ਸਬੰਧਤ ਨਹੀਂ ਸਨ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਸ਼ਿਕਾਇਤਾਂ ਕਾਫ਼ੀ ਘੱਟ ਹੋਣਗੀਆਂ।’’
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਨਿੱਜੀ ਵੇਰਵਿਆਂ ’ਚ ਸੋਧ ਦੀਆਂ ਬੇਨਤੀਆਂ ਨਾਲ ਵੱਡੀ ਗਿਣਤੀ ’ਚ ਮੁਲਾਜ਼ਮਾਂ ਵਾਲੇ ਵੱਡੇ ਰੁਜ਼ਗਾਰਦਾਤਾਵਾਂ ਨੂੰ ਵੀ ਲਾਭ ਹੋਵੇਗਾ। ਮੰਤਰੀ ਨੇ ਕਿਹਾ ਕਿ ਈ.ਪੀ.ਐਫ.ਓ. ਨੇ ਈ.ਪੀ.ਐਫ.ਓ. ਪੋਰਟਲ ’ਤੇ ਸਾਂਝੇ ਐਲਾਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਹੈ। ਇਸ ਨਾਲ ਮੁਲਾਜ਼ਮ ਨਾਮ, ਜਨਮ ਮਿਤੀ, ਲਿੰਗ, ਰਾਸ਼ਟਰੀਅਤਾ, ਪਿਤਾ/ਮਾਤਾ ਦਾ ਨਾਮ, ਵਿਆਹੁਤਾ ਸਥਿਤੀ, ਪਤੀ/ਪਤਨੀ ਅਤੇ ਜੀਵਨ ਸਾਥੀ ਵਰਗੇ ਵੇਰਵੇ ਪ੍ਰਦਾਨ ਕਰ ਸਕਣਗੇ। ਨਿੱਜੀ ਜਾਣਕਾਰੀ ’ਚ ਆਮ ਗਲਤੀਆਂ ਜਿਵੇਂ ਕਿ ਪਤਨੀ ਦਾ ਨਾਮ, ਕੰਮ ਕਰਨ ਵਾਲੀ ਸੰਸਥਾ ’ਚ ਸ਼ਾਮਲ ਹੋਣ ਅਤੇ ਛੱਡਣ ਦੀ ਤਰੀਕ ਖ਼ੁਦ ਹੀ ਦਰੁਸਤ ਕਰਨ ਦੀ ਸਹੂਲਤ ਮਿਲ ਗਈ ਹੈ।
ਇਸ ਨੂੰ ਰੁਜ਼ਗਾਰਦਾਤਾ ਵਲੋਂ ਕਿਸੇ ਤਸਦੀਕ ਜਾਂ ਈ.ਪੀ.ਐਫ.ਓ. ਵਲੋਂ ਮਨਜ਼ੂਰੀ ਦੀ ਲੋੜ ਨਹੀਂ ਹੈ। ਅਜਿਹੇ ਮਾਮਲਿਆਂ ’ਚ ਕਿਸੇ ਸਹਾਇਕ ਦਸਤਾਵੇਜ਼ਾਂ ਦੀ ਵੀ ਲੋੜ ਨਹੀਂ ਹੁੰਦੀ। ਇਹ ਸਹੂਲਤ ਉਨ੍ਹਾਂ ਸਾਰੇ ਮੈਂਬਰਾਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਦਾ ਯੂ.ਏ.ਐਨ. (ਯੂਨੀਵਰਸਲ ਅਕਾਊਂਟ ਨੰਬਰ) 1 ਅਕਤੂਬਰ, 2017 ਤੋਂ ਬਾਅਦ ਜਾਰੀ ਕੀਤਾ ਗਿਆ ਸੀ (ਜਦੋਂ ਆਧਾਰ ਨਾਲ ਮੇਲ ਲਾਜ਼ਮੀ ਹੋ ਗਿਆ ਸੀ)।
ਜੇ ਯੂ.ਏ.ਐਨ. 1 ਅਕਤੂਬਰ, 2017 ਤੋਂ ਪਹਿਲਾਂ ਜਾਰੀ ਕੀਤਾ ਜਾਂਦਾ ਹੈ, ਤਾਂ ਰੁਜ਼ਗਾਰਦਾਤਾ ਈ.ਪੀ.ਐਫ਼.ਓ. ਦੀ ਮਨਜ਼ੂਰੀ ਤੋਂ ਬਿਨਾਂ ਵੀ ਵੇਰਵਿਆਂ ਨੂੰ ਠੀਕ ਕਰ ਸਕਦਾ ਹੈ। ਅਜਿਹੇ ਮਾਮਲਿਆਂ ਲਈ ਸਹਾਇਕ ਦਸਤਾਵੇਜ਼ ਦੀ ਜ਼ਰੂਰਤ ਨੂੰ ਵੀ ਸਰਲ ਬਣਾਇਆ ਗਿਆ ਹੈ।