
ਉੱਤਰ ਪ੍ਰਦੇਸ਼ ’ਚ ਖੰਡ ਦਾ ਉਤਪਾਦਨ ਮਾਰਕੀਟਿੰਗ ਸਾਲ 2023-24 ਦੇ 15 ਦਸੰਬਰ ਤਕ ਵਧ ਕੇ 22.11 ਲੱਖ ਟਨ ਹੋ ਗਿਆ
Sugar Production: ਚਾਲੂ ਮਾਰਕੀਟਿੰਗ ਸਾਲ ਦੀ 1 ਅਕਤੂਬਰ ਤੋਂ 15 ਦਸੰਬਰ ਦੀ ਮਿਆਦ ’ਚ ਭਾਰਤ ਅੰਦਰ ਖੰਡ ਦਾ ਉਤਪਾਦਨ ਸਾਲਾਨਾ ਆਧਾਰ 'ਤੇ 11 ਫੀ ਸਦੀ ਘੱਟ ਕੇ 74.05 ਲੱਖ ਟਨ ਰਹਿ ਗਿਆ। ਇਹ ਮੁੱਖ ਤੌਰ 'ਤੇ ਮਹਾਰਾਸ਼ਟਰ ਅਤੇ ਕਰਨਾਟਕ ’ਚ ਘੱਟ ਉਤਪਾਦਨ ਦੇ ਕਾਰਨ ਹੈ। ਉਦਯੋਗ ਸੰਗਠਨ ਇਸਮਾ ਨੇ ਇਹ ਜਾਣਕਾਰੀ ਦਿਤੀ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤਕ ਹੁੰਦਾ।
ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਵਲੋਂ ਜਾਰੀ ਬਿਆਨ ਅਨੁਸਾਰ ਚਾਲੂ ਮਾਰਕੀਟਿੰਗ ਸਾਲ 2023-24 ’ਚ 15 ਦਸੰਬਰ ਤਕ ਖੰਡ ਦਾ ਉਤਪਾਦਨ 74.05 ਲੱਖ ਟਨ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 82.95 ਲੱਖ ਟਨ ਸੀ। ਚਾਲੂ ਫੈਕਟਰੀਆਂ ਦੀ ਗਿਣਤੀ ਸਾਲਾਨਾ ਆਧਾਰ ’ਤੇ 497 ਹੈ। ਇਸ ਸਾਲ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਖੰਡ ਮਿੱਲਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10-15 ਦਿਨ ਦੇਰੀ ਨਾਲ ਕੰਮ ਸ਼ੁਰੂ ਕੀਤਾ।
ਉੱਤਰ ਪ੍ਰਦੇਸ਼ ’ਚ ਖੰਡ ਦਾ ਉਤਪਾਦਨ ਮਾਰਕੀਟਿੰਗ ਸਾਲ 2023-24 ਦੇ 15 ਦਸੰਬਰ ਤਕ ਵਧ ਕੇ 22.11 ਲੱਖ ਟਨ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 20.26 ਲੱਖ ਟਨ ਸੀ। ਇਸਮਾ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ’ਚ ਖੰਡ ਦਾ ਉਤਪਾਦਨ 33.02 ਲੱਖ ਟਨ ਤੋਂ ਘਟ ਕੇ 24.45 ਲੱਖ ਟਨ ਰਹਿ ਗਿਆ ਹੈ। ਕਰਨਾਟਕ ’ਚ ਉਤਪਾਦਨ 19.20 ਲੱਖ ਟਨ ਤੋਂ ਘਟ ਕੇ 16.95 ਲੱਖ ਟਨ ਰਹਿ ਗਿਆ। ਉਦਯੋਗ ਸੰਗਠਨ ਇਸਮਾ ਨੇ ਪਿਛਲੇ ਹਫਤੇ ਅਨੁਮਾਨ ਲਗਾਇਆ ਸੀ ਕਿ ਮਾਰਕੀਟਿੰਗ ਸਾਲ 2023-24 ’ਚ ਖੰਡ ਦਾ ਕੁਲ ਉਤਪਾਦਨ 325 ਲੱਖ ਟਨ (ਈਥਾਨੋਲ ਦੀ ਵਰਤੋਂ ਤੋਂ ਬਿਨਾਂ) ਰਹਿਣ ਦੀ ਉਮੀਦ ਹੈ।
ਦੇਸ਼ ਕੋਲ 56 ਲੱਖ ਟਨ ਦਾ ਭੰਡਾਰਨ ਹੈ। ਖਪਤ 285 ਲੱਖ ਟਨ ਹੋਣ ਦਾ ਅਨੁਮਾਨ ਹੈ। ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਚਾਲੂ ਮਾਰਕੀਟਿੰਗ ਸਾਲ ’ਚ ਖੰਡ ਨਿਰਯਾਤ ਦੀ ਇਜਾਜ਼ਤ ਨਹੀਂ ਦਿਤੀ ਹੈ। ਮਾਰਕੀਟਿੰਗ ਸਾਲ 2022-23 ’ਚ ਭਾਰਤ ਨੇ 64 ਲੱਖ ਟਨ ਖੰਡ ਦਾ ਨਿਰਯਾਤ ਕੀਤਾ ਸੀ।
(For more news apart from Sugar Production, stay tuned to Rozana Spokesman)