
99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 630 ਰੁਪਏ ਦੀ ਤੇਜ਼ੀ ਨਾਲ 82,330 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ
ਨਵੀਂ ਦਿੱਲੀ : ਮਜ਼ਬੂਤ ਗਲੋਬਲ ਰੁਝਾਨ ਦੇ ਵਿਚਕਾਰ ਗਹਿਣਿਆਂ ਅਤੇ ਪ੍ਰਚੂਨ ਵਿਕਰੀਕਰਤਾਵਾਂ ਦੀ ਨਿਰੰਤਰ ਖਰੀਦਦਾਰੀ ਨਾਲ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 630 ਰੁਪਏ ਦੀ ਤੇਜ਼ੀ ਨਾਲ 82,700 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ।
ਲਗਾਤਾਰ ਛੇਵੇਂ ਸੈਸ਼ਨ ’ਚ ਤੇਜ਼ੀ ਨਾਲ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 630 ਰੁਪਏ ਦੀ ਤੇਜ਼ੀ ਨਾਲ 82,330 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰ ਨੀਤੀ ’ਤੇ ਅਨਿਸ਼ਚਿਤਤਾ ਕੀਮਤੀ ਧਾਤਾਂ ਵਲ ਨਿਵੇਸ਼ ਨੂੰ ਵਧਾਉਣ ਵਾਲਾ ਇਕ ਮੁੱਖ ਕਾਰਕ ਜਾਪਦਾ ਹੈ।
ਇਸ ਤੋਂ ਪਹਿਲਾਂ 31 ਅਕਤੂਬਰ 2024 ਨੂੰ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 82,400 ਰੁਪਏ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਉਸੇ ਦਿਨ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 82,000 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ ਵੀ ਬੁਧਵਾਰ ਨੂੰ 94,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 1,000 ਰੁਪਏ ਦੀ ਤੇਜ਼ੀ ਨਾਲ 94,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।
ਐਲ.ਕੇ.ਪੀ. ਸਕਿਓਰਿਟੀਜ਼ ਦੇ ਕਮੋਡਿਟੀ ਐਂਡ ਕਰੰਸੀ ਦੇ ਵਾਈਸ ਪ੍ਰੈਜ਼ੀਡੈਂਟ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਐਮ.ਸੀ.ਐਕਸ. ਸੋਨੇ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜੋ ਰੁਪਏ ਦੇ ਮਜ਼ਬੂਤ ਹੋਣ ਨਾਲ ਸੀਮਤ ਸੀ। ਇਸ ਮੁਦਰਾ ਦੀ ਮਜ਼ਬੂਤੀ ਨੇ ਘਰੇਲੂ ਸੋਨੇ ਦੀਆਂ ਕੀਮਤਾਂ ’ਚ ਵਾਧੇ ਨੂੰ ਸੀਮਤ ਕਰ ਦਿਤਾ।
ਆਲਮੀ ਪੱਧਰ ’ਤੇ ਕਾਮੈਕਸ ਸੋਨੇ ਦਾ ਵਾਅਦਾ 10.20 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 2,769.40 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਮਹਿਤਾ ਨੇ ਕਿਹਾ ਕਿ ਇਸ ਤੋਂ ਇਲਾਵਾ ਕਮਜ਼ੋਰ ਆਰਥਕ ਅੰਕੜਿਆਂ ਕਾਰਨ ਸੋਨੇ ਦੀ ਤੇਜ਼ੀ ਵਧੀ ਕਿਉਂਕਿ ਪ੍ਰਚੂਨ ਵਿਕਰੀ ਉਮੀਦ ਤੋਂ ਘੱਟ ਰਹੀ ਅਤੇ ਬੇਰੁਜ਼ਗਾਰੀ ਦੇ ਦਾਅਵਿਆਂ ’ਚ ਵੀ ਗਿਰਾਵਟ ਆਈ। ਚਾਂਦੀ ਕਾਮੈਕਸ ਦਾ ਵਾਅਦਾ ਵੀ 0.27 ਫੀ ਸਦੀ ਦੀ ਤੇਜ਼ੀ ਨਾਲ 31.58 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।