
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਜਨਵਰੀ ਵਿਚ ਏਅਰ ਇੰਡੀਆ ਦਾ ਮੌਕੇ ’ਤੇ ਆਡਿਟ ਕੀਤਾ ਸੀ
ਨਵੀਂ ਦਿੱਲੀ, : ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਸ਼ੁਕਰਵਾਰ ਨੂੰ ਟਾਟਾ ਸਮੂਹ ਦੇ ਕੰਟਰੋਲ ਵਾਲੀ ਏਅਰ ਇੰਡੀਆ ’ਤੇ 80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਜੁਰਮਾਨਾ ਉਡਾਣ ਸੇਵਾ ਦੇ ਘੰਟਿਆਂ ਨੂੰ ਸੀਮਤ ਕਰਨ ਅਤੇ ਚਾਲਕ ਦਲ ਦੀ ਥਕਾਵਟ ਪ੍ਰਬੰਧਨ ਪ੍ਰਣਾਲੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਜਨਵਰੀ ਵਿਚ ਏਅਰ ਇੰਡੀਆ ਦਾ ਮੌਕੇ ’ਤੇ ਆਡਿਟ ਕੀਤਾ ਸੀ। ਇਹ ਫੈਸਲਾ ਇਸ ਸਮੇਂ ਦੌਰਾਨ ਇਕੱਤਰ ਕੀਤੇ ਸਬੂਤਾਂ ਦੇ ਆਧਾਰ ’ਤੇ ਲਿਆ ਗਿਆ ਹੈ।
ਰੈਗੂਲੇਟਰ ਨੇ ਇਕ ਬਿਆਨ ’ਚ ਕਿਹਾ, ‘‘ਰੀਪੋਰਟਾਂ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਏਅਰ ਇੰਡੀਆ ਲਿਮਟਿਡ ਨੇ ਕੁੱਝ ਮਾਮਲਿਆਂ ’ਚ 60 ਸਾਲ ਤੋਂ ਵੱਧ ਉਮਰ ਦੇ ਚਾਲਕ ਦਲ ਦੇ ਦੋਵੇਂ ਮੈਂਬਰਾਂ ਨਾਲ ਉਡਾਣ ਭਰੀ ਸੀ।’’
ਬਿਆਨ ਅਨੁਸਾਰ, ਏਅਰਲਾਈਨ ਲੰਮੀਆਂ ਉਡਾਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਚਾਲਕ ਦਲ ਨੂੰ ਲੋੜੀਂਦਾ ਹਫਤਾਵਾਰੀ ਆਰਾਮ ਅਤੇ ਢੁਕਵਾਂ ਆਰਾਮ ਪ੍ਰਦਾਨ ਕਰਨ ’ਚ ਅਸਫਲ ਰਹੀ ਹੈ।
ਰੈਗੂਲੇਟਰ ਨੇ 1 ਮਾਰਚ ਨੂੰ ਏਅਰ ਇੰਡੀਆ ਨੂੰ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਨੋਟਿਸ ਦਾ ਏਅਰਲਾਈਨ ਦਾ ਜਵਾਬ ਸੰਤੁਸ਼ਟੀਜਨਕ ਨਹੀਂ ਪਾਇਆ ਗਿਆ।