
ਆਲਮੀ ਪੱਧਰ ’ਤੇ ਸੋਨੇ ਦੀਆਂ ਕੀਮਤਾਂ ਸੋਮਵਾਰ ਨੂੰ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ
ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੇ ਵਿਚਕਾਰ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 600 ਰੁਪਏ ਦੀ ਤੇਜ਼ੀ ਨਾਲ 76,950 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 76,350 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਇਸ ਤੋਂ ਇਲਾਵਾ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 600 ਰੁਪਏ ਦੀ ਤੇਜ਼ੀ ਨਾਲ 76,600 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਇਸ ਦੀ ਬੰਦ ਕੀਮਤ 76,000 ਰੁਪਏ ਸੀ। ਸੂਤਰਾਂ ਨੇ ਸਥਾਨਕ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਵਾਧੇ ਦਾ ਕਾਰਨ ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਵਧੀ ਮੰਗ ਨੂੰ ਦਸਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਕਮਜ਼ੋਰ ਮੰਗ ਕਾਰਨ ਸਥਾਨਕ ਬਾਜ਼ਾਰ ’ਚ ਚਾਂਦੀ 1,000 ਰੁਪਏ ਦੀ ਗਿਰਾਵਟ ਨਾਲ 90,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਪਿਛਲੇ ਸੈਸ਼ਨ ’ਚ ਇਹ 91,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀ।
ਦੂਜੇ ਪਾਸੇ ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ਫਿਊਚਰਜ਼ ਟ੍ਰੇਡ ’ਚ ਅਕਤੂਬਰ ਡਿਲਿਵਰੀ ਵਾਲਾ ਸੋਨਾ 184 ਰੁਪਏ ਯਾਨੀ 0.25 ਫੀ ਸਦੀ ਦੀ ਤੇਜ਼ੀ ਨਾਲ 74,224 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਦਸੰਬਰ ਡਿਲਿਵਰੀ ਵਾਲੀ ਚਾਂਦੀ 1,035 ਰੁਪਏ ਯਾਨੀ 1.15 ਫੀ ਸਦੀ ਦੀ ਗਿਰਾਵਟ ਨਾਲ 89,100 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ।
ਅਬਾਂਸ ਹੋਲਡਿੰਗਜ਼ ਦੇ ਸੀ.ਈ.ਓ. ਚਿੰਤਨ ਮਹਿਤਾ ਨੇ ਕਿਹਾ ਕਿ ਇਸ ਸਾਲ ਸੋਨੇ ਦੀਆਂ ਕੀਮਤਾਂ ’ਚ 27 ਫੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਮਹਿਤਾ ਨੇ ਕਿਹਾ ਕਿ ਭੂ-ਸਿਆਸੀ ਤਣਾਅ, ਖਾਸ ਤੌਰ ’ਤੇ ਮੱਧ ਪੂਰਬ ਵਿਚ, ਵੱਡੇ ਪੱਧਰ ’ਤੇ ਜੰਗ ਦੇ ਖਤਰੇ ਨੇ ਸੁਰੱਖਿਅਤ ਨਿਵੇਸ਼ ਬਦਲ ਵਜੋਂ ਸੋਨੇ ਦੀ ਮੰਗ ਨੂੰ ਹੋਰ ਵਧਾ ਦਿਤਾ ਹੈ ਕਿਉਂਕਿ ਇਜ਼ਰਾਈਲ ਦਾ ਗਾਜ਼ਾ ’ਤੇ ਹਮਲਾ ਜਾਰੀ ਹੈ।
ਆਲਮੀ ਪੱਧਰ ’ਤੇ ਸੋਨਾ 0.04 ਫੀ ਸਦੀ ਦੀ ਤੇਜ਼ੀ ਨਾਲ 2,647.30 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਸੋਨੇ ਦੀਆਂ ਕੀਮਤਾਂ ਸੋਮਵਾਰ ਨੂੰ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ, ਜਿਸ ਦੀ ਅਗਵਾਈ ਸਥਿਰ ਡਾਲਰ ਅਤੇ ਭੌਤਿਕ ਤੌਰ ’ਤੇ ਸਮਰਥਿਤ ਐਕਸਚੇਂਜ-ਟ੍ਰੇਡਡ ਫੰਡਾਂ ਦੀ ਨਿਰੰਤਰ ਮੰਗ ਕਾਰਨ ਹੋਈ ਕਿਉਂਕਿ ਵਧੇਰੇ ਖਰੀਦਦਾਰਾਂ ਨੇ ਆਰਥਕ ਅਨਿਸ਼ਚਿਤਤਾ ਅਤੇ ਭੂ-ਸਿਆਸੀ ਜੋਖਮਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਏਸ਼ੀਆਈ ਘੰਟਿਆਂ ’ਚ ਚਾਂਦੀ 30.96 ਡਾਲਰ ਪ੍ਰਤੀ ਔਂਸ ’ਤੇ ਆ ਗਈ।