
1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਨਵੀਂ ਦਿੱਲੀ : ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਮਾਰੂਤੀ ਨੇ ਐਲਾਨ ਕੀਤਾ ਕਿ 1 ਅਪ੍ਰੈਲ ਤੋਂ ਕੰਪਨੀ ਦੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਹਾਂਡਾ ਕਾਰਸ ਵਲੋਂ ਵੀ ਆਪਣੇ ਵਾਹਨਾਂ ਦੇ ਭਾਅ ਵਧਾਏ ਜਾ ਰਹੇ ਹਨ ਇਸ ਪਿੱਛੇ ਇਕ ਵਾਰ ਫਿਰ ਸਪਲਾਈ ਚੇਨ ਅਤੇ ਵਧਦੀ ਮਹਿੰਗਾਈ ਦਾ ਹਵਾਲਾ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਦੋ ਕਾਰਨਾਂ ਕਰ ਕੇ ਉਨ੍ਹਾਂ ਨੂੰ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਾਲਾਂਕਿ ਮਾਰੂਤੀ ਸੁਜ਼ੂਕੀ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਆਪਣੀਆਂ ਕਾਰਾਂ ਦੀ ਕੀਮਤ ਵਿੱਚ ਕਿੰਨਾ ਵਾਧਾ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਪਨੀ ਨੇ ਜਨਵਰੀ 'ਚ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਦੌਰਾਨ ਬੀਐਸ 6 ਫੇਜ਼ 2 ਦੇ ਕਾਰਨ ਹੋਏ ਬਦਲਾਅ ਦਾ ਹਵਾਲਾ ਦੇ ਕੇ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਹਾਲਾਂਕਿ ਇਸ ਨਾਲ ਕੰਪਨੀ ਦੀ ਵਿਕਰੀ 'ਤੇ ਕੋਈ ਅਸਰ ਨਹੀਂ ਪਿਆ ਪਰ ਹੁਣ ਮਾਹਰਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ 'ਚ ਫਿਰ ਤੋਂ ਕੀਮਤਾਂ ਵਧਣ ਨਾਲ ਕੰਪਨੀ ਨੂੰ ਵਿਕਰੀ 'ਚ ਗਿਰਾਵਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਦਿੱਗਜ਼ IT ਕੰਪਨੀ ਐਕਸੈਂਚਰ ਵਲੋਂ 19 ਹਜ਼ਾਰ ਮੁਲਾਜ਼ਮਾਂ ਨੂੰ ਕੱਢਣ ਦਾ ਕੀਤਾ ਐਲਾਨ
ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਸਮੁੱਚੀ ਮਹਿੰਗਾਈ ਅਤੇ ਰੈਗੂਲੇਟਰੀ ਜ਼ਰੂਰਤਾਂ ਕਾਰਨ ਉਹ ਲਗਾਤਾਰ ਲਾਗਤ ਦਬਾਅ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਲਾਗਤ ਨੂੰ ਘੱਟ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ ਪਰ ਕੀਮਤ ਵਾਧੇ ਦਾ ਕੁਝ ਹਿੱਸਾ ਗਾਹਕਾਂ ਨੂੰ ਦੇਣ ਲਈ ਮਜਬੂਰ ਹੈ। ਕੰਪਨੀ ਨੇ ਕਿਹਾ ਕਿ ਵਾਹਨਾਂ ਦੀਆਂ ਕੀਮਤਾਂ ਅਪ੍ਰੈਲ 2023 ਤੋਂ ਵਧਾਈਆਂ ਜਾਣਗੀਆਂ ਅਤੇ ਇਹ ਵਾਧਾ ਵੱਖ-ਵੱਖ ਵਾਹਨਾਂ ਲਈ ਵੱਖ-ਵੱਖ ਹੋਵੇਗਾ। ਸਾਰੀਆਂ ਗੱਡੀਆਂ ਦੀਆਂ ਕੀਮਤਾਂ ਇਕਸਾਰ ਨਹੀਂ ਵਧਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਹਾਂਡਾ, ਟਾਟਾ ਮੋਟਰਜ਼ ਅਤੇ ਹੀਰੋ ਮੋਟੋਕਾਰਪ ਸਮੇਤ ਕਈ ਕੰਪਨੀਆਂ ਨੇ ਅਪ੍ਰੈਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਗੱਲ ਕਹੀ ਹੈ। ਇਸ ਦੇ ਪਿੱਛੇ, BS6 ਫੇਜ਼ 2 ਦੇ ਬਦਲਾਅ ਅਤੇ ਸਪਲਾਈ ਚੇਨ ਦੀਆਂ ਲਗਾਤਾਰ ਸਮੱਸਿਆਵਾਂ ਦਾ ਹਵਾਲਾ ਦਿੱਤਾ ਗਿਆ ਹੈ।