
ਕਿਹਾ, ਸਰਕਾਰ ਦਾ ਧਿਆਨ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਉਤੇ ਹੈ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜੁਆਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਅਹਿਮਦਾਬਾਦ ’ਚ ਵੀਡੀਉ ਲਿੰਕ ਰਾਹੀਂ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਅੱਜ ਦੀ ਦੁਨੀਆਂ ’ਚ ਆਤਮ ਨਿਰਭਰ ਬਣਨਾ ਹੈ ਅਤੇ ਨੌਜੁਆਨਾਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਹ ਟਿਪਣੀ ਕਰਦਿਆਂ ਕਿ ਸਿਰਫ ਆਪਰੇਸ਼ਨ ਸੰਧੂਰ ਦੇਸ਼ ਭਗਤੀ ਨਹੀਂ ਹੈ, ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਸਵਦੇਸ਼ੀ ਚੀਜ਼ਾਂ ਵੇਚਣ ਦਾ ਫੈਸਲਾ ਕਰਨ।
ਉਨ੍ਹਾਂ ਕਿਹਾ, ‘‘ਅਸੀਂ ਸਕਿੱਲ ਇੰਡੀਆ ਮਿਸ਼ਨ ਸ਼ੁਰੂ ਕੀਤਾ ਹੈ, ਜਿਸ ਤਹਿਤ ਕਰੋੜਾਂ ਨੌਜੁਆਨਾਂ ਨੂੰ ਵੱਖ-ਵੱਖ ਖੇਤਰਾਂ ’ਚ ਹੁਨਰਮੰਦ ਮਨੁੱਖੀ ਸ਼ਕਤੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਅੱਜ, ਦੁਨੀਆਂ ਦਾ ਇਕ ਵੱਡਾ ਹਿੱਸਾ ਬੁਢਾਪੇ ਦੀ ਸਮੱਸਿਆ ਵਿਚ ਫਸਿਆ ਹੋਇਆ ਹੈ; ਉਨ੍ਹਾਂ ਨੂੰ ਨੌਜੁਆਨਾਂ ਦੀ ਜ਼ਰੂਰਤ ਹੈ ਅਤੇ ਭਾਰਤ ਕੋਲ ਦੁਨੀਆਂ ਨੂੰ ਨੌਜੁਆਨ ਪ੍ਰਦਾਨ ਕਰਨ ਦੀ ਸਮਰੱਥਾ ਹੈ।’’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕਰਨ ਤੋਂ ਬਾਅਦ ਅਹਿਮਦਾਬਾਦ ’ਚ ਸਰਦਾਰਧਾਮ ਫੇਜ਼-2 ਦੇ ਨੀਂਹ ਪੱਥਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਜੇਕਰ ਅੱਜ ਨੌਜੁਆਨ ਹੁਨਰਮੰਦ ਹਨ ਤਾਂ ਉਨ੍ਹਾਂ ਲਈ ਰੁਜ਼ਗਾਰ ਦੀਆਂ ਕਈ ਸੰਭਾਵਨਾਵਾਂ ਹਨ। ਉਹ ਆਤਮ ਨਿਰਭਰ ਬਣਦੇ ਹਨ, ਇਸ ਨਾਲ ਉਨ੍ਹਾਂ ਨੂੰ ਸ਼ਕਤੀ ਮਿਲਦੀ ਹੈ।’’
ਉਨ੍ਹਾਂ ਨੇ ਸਮਾਜ ਦੇ ਵਿਕਾਸ ਲਈ ਉਸ ਦੀਆਂ ਧੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਕੌਮੀ ਸਿੱਖਿਆ ਨੀਤੀ ਰਾਹੀਂ ਸਿੱਖਿਆ ਪ੍ਰਣਾਲੀ ’ਚ ਕਈ ਬਦਲਾਅ ਕੀਤੇ ਹਨ, ਜਿਸ ’ਚ ਹੁਨਰ ਉਤੇ ਸੱਭ ਤੋਂ ਜ਼ਿਆਦਾ ਜ਼ੋਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਟਾਰਟ ਅੱਪ ਇੰਡੀਆ ਅਤੇ ਮੁਦਰਾ ਯੋਜਨਾ ਰਾਹੀਂ ਨੌਜੁਆਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਅੱਜ ਭਾਰਤ ’ਚ ਸਟਾਰਟਅੱਪਸ ਦੀ ਗਿਣਤੀ 2 ਲੱਖ ਦੇ ਕਰੀਬ ਪਹੁੰਚ ਗਈ ਹੈ। ਟੀਅਰ 2 ਅਤੇ 3 ਸ਼ਹਿਰਾਂ ਵਿਚ ਸਟਾਰਟਅੱਪ ਬਣਾਏ ਜਾ ਰਹੇ ਹਨ। ਅਸੀਂ ਮੁਦਰਾ ਯੋਜਨਾ ਸ਼ੁਰੂ ਕੀਤੀ। ਇਸ ਦੇ ਤਹਿਤ ਨੌਜੁਆਨਾਂ ਨੂੰ ਸਵੈ-ਰੁਜ਼ਗਾਰ ਲਈ 33 ਲੱਖ ਕਰੋੜ ਰੁਪਏ ਦਿਤੇ ਗਏ ਹਨ। ਇਸ ਨਾਲ ਲੱਖਾਂ ਨੌਜੁਆਨ ਆਤਮ ਨਿਰਭਰ ਹੋਏ ਹਨ ਅਤੇ ਦੂਜਿਆਂ ਨੂੰ ਵੀ ਆਤਮ ਨਿਰਭਰ ਬਣਾ ਰਹੇ ਹਨ।’’
ਮੋਦੀ ਨੇ ਕਿਹਾ ਕਿ ਦੁਨੀਆਂ ਭਾਰਤ ਦੀ ਪ੍ਰਤਿਭਾ ਦੇ ਨਾਲ-ਨਾਲ ਉਸ ਦੀ ਕਿਰਤ ਦੀ ਕਦਰ ਕਰਦੀ ਹੈ ਅਤੇ ਇਸ ਦੀ ਮਹੱਤਤਾ ਨੂੰ ਸਮਝਦੀ ਹੈ, ਜਿਸ ਨੇ ਵੱਖ-ਵੱਖ ਦੇਸ਼ਾਂ ਵਿਚ ਨਵੇਂ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ, ‘‘ਸਾਡੇ ਨੌਜੁਆਨ ਸਿਹਤ ਸੰਭਾਲ, ਸਿੱਖਿਆ ਅਤੇ ਪੁਲਾੜ ਵਰਗੇ ਕਈ ਖੇਤਰਾਂ ਵਿਚ ਦੁਨੀਆਂ ਨੂੰ ਹੈਰਾਨ ਕਰ ਰਹੇ ਹਨ।’’
ਇਸ ਗੱਲ ਉਤੇ ਜ਼ੋਰ ਦਿੰਦਿਆਂ ਕਿ ਭਾਰਤ ਨੂੰ ਆਤਮ ਨਿਰਭਰ ਬਣਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੇ ਨੌਜੁਆਨਾਂ ਨੂੰ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰ ਕੇ ਦੇਸ਼ ਦੇ ਯਤਨਾਂ ਦਾ ਸਮਰਥਨ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅੱਜ ਦੀ ਦੁਨੀਆਂ ’ਚ ਆਤਮ ਨਿਰਭਰ ਬਣਨਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਸਾਨੂੰ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘‘ਮੇਕ ਇਨ ਇੰਡੀਆ’ ਲਈ ਸਾਡਾ ਉਤਸ਼ਾਹ ਵਧਣਾ ਚਾਹੀਦਾ ਹੈ। ਸਵਦੇਸ਼ੀ ਅੰਦੋਲਨ ਸਾਡੇ ਭਵਿੱਖ ਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਇਸ ਦੀ ਅਗਵਾਈ ਕਰਨੀ ਪਵੇਗੀ। ਸਾਡੇ ਸਮਾਜ ਦੇ ਨੌਜੁਆਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਸਾਡੇ ਘਰ ਇਕ ਵੀ ਵਿਦੇਸ਼ੀ ਚੀਜ਼ ਨਾ ਆਵੇ।’’
ਮੋਦੀ ਨੇ ਕਿਹਾ ਕਿ ਭਾਰਤ ਦੀ ਤਾਕਤ ‘ਮੇਕ ਇਨ ਇੰਡੀਆ’ ਅਤੇ ਸਵੈ-ਨਿਰਭਰਤਾ ’ਚ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਸਿਰਫ ਆਪਰੇਸ਼ਨ ਸੰਧੂਰ ਦੇਸ਼ ਭਗਤੀ ਨਹੀਂ ਹੈ, ਵਪਾਰੀਆਂ ਨੂੰ ਸਿਰਫ ਸਵਦੇਸ਼ੀ ਚੀਜ਼ਾਂ ਵੇਚਣ ਦਾ ਫੈਸਲਾ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਭਾਰਤੀ ਸਮਾਜ ਜਾਗ ਗਿਆ ਹੈ ਅਤੇ ਉਸ ਨੇ ਅਪਣੀਆਂ ਧੀਆਂ ਦੇ ਯਤਨਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿਤਾ ਹੈ।