
ਆਰਥਕ ਸੁਸਤੀ ਦੀ ਸਥਿਤੀ ਨੂੰ ਵੇਖਦਿਆਂ ਘਰੇਲੂ ਐਮ.ਐਸ.ਐਮ.ਈ. ਇਕਾਈਆਂ ’ਤੇ ਬੋਝ ਪੈਣ ਦਾ ਖਦਸ਼ਾ
ਮੁੰਬਈ: ਦੇਸ਼ ਦੇ ਕੁਲ ਨਿਰਯਾਤ ’ਚ ਲਗਭਗ 40 ਫ਼ੀ ਸਦੀ ਹਿੱਸੇਦਾਰੀ ਰਖਣ ਵਾਲੇ ਛੋਟੇ ਉਦਯੋਗਾਂ ਨੂੰ ਅਮਰੀਕਾ ਅਤੇ ਯੂਰਪੀ ਸੰਘ ਵਰਗੇ ਵਿਕਸਤ ਦੇਸ਼ਾਂ ’ਚ ਫੈਲੀ ਆਰਥਕ ਸੁਸਤੀ ਕਾਰਨ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਰੀਪੋਰਟ ’ਚ ਇਹ ਖਦਸ਼ਾ ਪ੍ਰਗਟਾਇਆ ਗਿਆ।
ਰੇਟਿੰਗ ਏਜੰਸੀ ਕ੍ਰਿਸਿਲ ਦੀ ਅਧਿਐਨ ਰੀਪੋਰਟ ਮੁਤਾਬਕ, ਦੇਸ਼ ਦੇ ਹਰ ਪੰਜ ’ਚੋਂ ਇਕ ਐਮ.ਐਸ.ਐਮ.ਹੀ. (ਸੂਖਮ, ਛੋਟੇ ਅਤੇ ਦਰਮਿਆਨੇ ਖੇਤਰ) ਨੂੰ ਚਾਲੂ ਵਿੱਤ ਵਰ੍ਹੇ ’ਚ ਮਹਾਮਾਰੀ ਤੋਂ ਪਹਿਲਾਂ ਮੁਕਾਬਲੇ ਵੱਧ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਪਵੇਗੀ। ਅਮਰੀਕਾ ਅਤੇ ਯੂਰਪੀ ਬਾਜ਼ਾਰਾਂ ਦੀ ਭਾਰਤ ਦੇ ਕੁਲ ਨਿਰਯਾਤ ’ਚ ਇਕ-ਤਿਹਾਈ ਹਿੱਸੇਦਾਰੀ ਹੈ। ਅਜਿਹੇ ’ਚ ਇਨ੍ਹਾਂ ਦੋਹਾਂ ਬਾਜ਼ਾਰਾਂ ’ਚ ਆਰਥਕ ਸੁਸਤੀ ਦੀ ਸਥਿਤੀ ਨੂੰ ਵੇਖਦਿਆਂ ਘਰੇਲੂ ਐਮ.ਐਸ.ਐਮ.ਈ. ਇਕਾਈਆਂ ’ਤੇ ਬੋਝ ਪੈਣ ਦਾ ਖਦਸ਼ਾ ਹੈ।
ਰੀਪੋਰਟ ਅਨੁਸਾਰ, ਹੀਰੇ-ਮੋਤੀ ਅਤੇ ਗਹਿਣੇ, ਨਿਰਮਾਣ ਅਤੇ ਰੰਗ ਤੇ ਰੰਗੀਨ ਤਰਲ ਪਦਾਰਥ ਵਰਗੇ ਖੇਤਰਾਂ ’ਚ ਸਰਗਰਮ ਛੋਟੀਆਂ ਇਕਾਈਆਂ ਨੂੰ ਪਹਿਲਾਂ ਤੋਂ ਹੀ ਆਰਥਕ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਪੈ ਰਹੀ ਹੈ। ਇਸ ਅਧਿਐਨ ’ਚ 69 ਖੇਤਰਾਂ ਅਤੇ 147 ਕਲਸਟਰਾਂ ’ਚ ਸਰਗਰਮ ਐਮ.ਐਸ.ਐਮ.ਈ. ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਕੁਲ ਆਮਦਨ 63 ਲੱਖ ਕਰੋੜ ਰੁਪਏ ਹੈ ਜੋ ਪਿਛਲੇ ਵਿੱਤ ਵਰ੍ਹੇ ’ਚ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਲਗਭਗ ਇਕ-ਚੌਥਾਈ ਹੈ।
ਕ੍ਰਿਸਿਲ ਦੇ ਡਾਇਰੈਕਟਰ ਪੁਸ਼ਾਨ ਸ਼ਰਮਾ ਨੇ ਕਿਹਾ ਕਿ ਨਿਰਯਾਤ ’ਤੇ ਕੇਂਦਰਤ ਐਮ.ਐਸ.ਐਮ.ਈ. ਇਕਾਈਆਂ, ਖ਼ਾਸ ਕਰ ਕੇ ਸੂਰਤ ਅਤੇ ਅਹਿਮਦਾਬਾਦ ’ਚ ਸਥਿਤ ਇਕਾਈਆਂ ਨੂੰ ਕੋਵਿਡ ਮਹਾਮਾਰੀ ਤੋਂ ਪਹਿਲਾਂ ਮੁਕਾਬਲੇ ਇਸ ਵਿੱਤੀ ਵਰ੍ਹੇ ’ਚ ਵੱਧ ਕਾਰਜਸ਼ੀਲ ਪੂੰਜੀ ਦੀ ਜ਼ਰੂਰਤ ਪਵੇਗੀ। ਇਸ ਰੀਪੋਰਟ ਮੁਤਾਬਕ, ਅਹਿਮਦਾਬਾਦ ਕਲਸਟਰ ਵਾਲੀਆਂ ਇਕਾਈਆਂ ਨੂੰ 20-25 ਦਿਨਾਂ ਲਈ ਕਾਰਜਸ਼ੀ ਪੂੰਜੀ ਵਧਾਉਣੀ ਪੈ ਸਕਦੀ ਹੈ, ਜਦਕਿ ਹੀਰਾ ਪ੍ਰੋਸੈਸਿੰਗ ਲਈ ਮਸ਼ਹੂਰ ਸੂਰਤ ਕਲਸਟਰ ਲਈ ਇਹ ਜ਼ਰੂਰਤ 35 ਦਿਨਾਂ ਤਕ ਜਾ ਸਕਦੀ ਹੈ।