
ਪੈਟਰੋਲ ਪੰਪਾਂ 'ਤੇ ਈਂਧਣ ਖਰੀਦਣ 'ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਹੁਣ ਕੋਈ ਛੋਟ ਨਹੀਂ ਮਿਲੇਗੀ
ਨਵੀਂ ਦਿੱਲੀ : ਪੈਟਰੋਲ ਪੰਪਾਂ 'ਤੇ ਈਂਧਣ ਖਰੀਦਣ 'ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਹੁਣ ਕੋਈ ਛੋਟ ਨਹੀਂ ਮਿਲੇਗੀ। ਹੁਣ ਤਕ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਕ੍ਰੈਡਿਟ ਕਾਰਡ ਨਾਲ ਈਂਧਣ ਲਈ ਭੁਗਤਾਨ 'ਤੇ 0.75 ਫ਼ੀ ਸਦੀ ਦੀ ਛੋਟ ਦੇ ਰਹੀਆਂ ਸਨ। ਕਰੀਬ ਢਾਈ ਸਾਲ ਪਹਿਲਾਂ ਡਿਜ਼ੀਟਲ ਭੁਗਤਾਨ ਨੂੰ ਪ੍ਰੋਤਸਾਹਨ ਦੇ ਲਈ ਇਹ ਵਿਵਸਥਾ ਸ਼ੁਰੂ ਕੀਤੀ ਗਈ ਸੀ।
SBI
ਦੇਸ਼ ਦੇ ਸੱਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਅਪਣੇ ਕ੍ਰੈਡਿਟ ਕਾਰਡ ਗਾਹਕਾਂ ਨੂੰ ਭੇਜੇ ਐਸ.ਐਮ.ਐਸ. ਵਿਚ ਕਿਹਾ ਗਿਆ ਹੈ ਕਿ ਜਨਤਕ ਖੇਤਰ ਦੀ ਪਟਰੌਲੀਅਮ ਕੰਪਨੀਆਂ ਦੀ ਸਲਾਹ 'ਤੇ ਇਕ ਅਕਤੂਬਰ ਤੋਂ ਪਟਰੌਲ ਪੰਪਾਂ ਤੋਂ ਤੇਲ ਦੀ ਖ਼ਰੀਦ 'ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਮਿਲਣ ਵਾਲੀ 0.75 ਫ਼ੀ ਸਦੀ ਛੋਟ ਨੂੰ ਬੰਦ ਕੀਤਾ ਜਾ ਰਿਹਾ ਹੈ।
ਸਾਲ 2016 ਦੇ ਅੰਤ ਵਿਚ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਜਨਤਕ ਖੇਤਰ ਦੀ ਪਟਰੌਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪਟਰੌਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪਟਰੌਲੀਅਮ ਕਾਰਪੋਰੇਸ਼ਨ ਨੂੰ ਤੇਲ ਖ਼ਰੀਦ ਲਈ ਕਾਰਡ ਤੋਂ ਭੁਗਤਾਨ 'ਤੇ 0.75 ਫ਼ੀ ਸਦੀ ਦੀ ਛੋਟ ਦੇਣ ਦਾ ਨਿਰਦੇਸ਼ ਦਿਤਾ ਸੀ। ਕ੍ਰੈਡਿਟ-ਡੈਬਿਟ ਕਾਰਡ ਅਤੇ ਈ-ਵਾਲੇਟ ਦੇ ਰਾਹੀਂ 0.75 ਫ਼ੀ ਸਦੀ ਦੀ ਛੋਟ ਨੂੰ ਦਸੰਬਰ 2016 'ਚ ਸ਼ੁਰੂ ਕੀਤਾ ਗਿਆ ਸੀ। ਇਹ ਵਿਵਸਥਾ ਢਾਈ ਸਾਲ ਤੋਂ ਜ਼ਿਆਦਾ ਸਮੇਂ ਤਕ ਚੱਲੀ। ਹੁਣ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।