
ਤੁਰਕੀਏ ਅਤੇ ਅਮਰੀਕਾ ਤੋਂ ਬਾਅਦ ਭਾਰਤ ’ਚ ਸਭ ਤੋਂ ਤੇਜ਼ੀ ਨਾਲ ਵਧੇ ਅਮੀਰ, ਕੁਲ ਗਿਣਤੀ ਹੋਈ 13,263
ਨਵੀਂ ਦਿੱਲੀ: ਭਾਰਤ ’ਚ ਅਮੀਰ ਲੋਕਾਂ ਦੀ ਗਿਣਤੀ 2023 ’ਚ ਸਾਲਾਨਾ ਆਧਾਰ ’ਤੇ 6 ਫੀ ਸਦੀ ਵਧ ਕੇ 13,263 ਹੋ ਗਈ। ਨਾਈਟ ਫ੍ਰੈਂਕ ਇੰਡੀਆ ਦੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਵਧਦੀ ਖੁਸ਼ਹਾਲੀ ਕਾਰਨ 2028 ਤਕ ਅਲਟਰਾ ਹਾਈ ਨੈੱਟ ਵਰਥ ਵਿਅਕਤੀਆਂ (ਯੂ.ਐੱਚ.ਐੱਨ.ਡਬਲਿਊ.ਆਈ.) ਦੀ ਗਿਣਤੀ ਵਧ ਕੇ 20,000 ਹੋ ਜਾਵੇਗੀ।
ਯੂ.ਐੱਚ.ਐੱਨ.ਡਬਲਿਊ.ਆਈ. ਨੂੰ ਉਨ੍ਹਾਂ ਵਿਅਕਤੀਆਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਸ਼ੁੱਧ ਜਾਇਦਾਦ 3 ਕਰੋੜ ਡਾਲਰ ਜਾਂ ਇਸ ਤੋਂ ਵੱਧ ਹੈ।
ਰੀਅਲ ਅਸਟੇਟ ਸਲਾਹਕਾਰ ਨਾਈਟ ਫ੍ਰੈਂਕ ਇੰਡੀਆ ਨੇ ਬੁਧਵਾਰ ਨੂੰ ਇਕ ਵਰਚੁਅਲ ਪ੍ਰੈਸ ਕਾਨਫਰੰਸ ’ਚ ‘ਦਿ ਵੈਲਥ ਰੀਪੋਰਟ -2024’ ਜਾਰੀ ਕੀਤੀ ਕਿ ਭਾਰਤ ’ਚ ਯੂ.ਐੱਚ.ਐੱਨ.ਡਬਲਿਊ.ਆਈ. ਦੀ ਗਿਣਤੀ 2023 ’ਚ 6.1 ਫੀ ਸਦੀ ਵਧ ਕੇ 13,263 ਹੋ ਗਈ, ਜੋ ਪਿਛਲੇ ਸਾਲ 12,495 ਸੀ। ਭਾਰਤ ’ਚ ਯੂ.ਐੱਚ.ਐੱਨ.ਡਬਲਿਊ.ਆਈ. ਦੀ ਗਿਣਤੀ 2028 ਤਕ ਵਧ ਕੇ 19,908 ਹੋਣ ਦੀ ਉਮੀਦ ਹੈ।
ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ, ‘‘ਪਰਿਵਰਤਨਸ਼ੀਲ ਦੌਲਤ ਸਿਰਜਣ ਦੇ ਇਸ ਯੁੱਗ ’ਚ, ਭਾਰਤ ਵਿਸ਼ਵ ਆਰਥਕ ਖੇਤਰ ’ਚ ਖੁਸ਼ਹਾਲ ਅਤੇ ਵੱਧ ਰਹੇ ਮੌਕਿਆਂ ਦਾ ਸਬੂਤ ਹੈ। ਦੇਸ਼ ’ਚ ਬਹੁਤ ਅਮੀਰਾਂ ਦੀ ਗਿਣਤੀ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਅਗਲੇ ਪੰਜ ਸਾਲਾਂ ’ਚ ਇਸ ਦੇ 50.1 ਫ਼ੀ ਸਦੀ ਦੇ ਵਾਧੇ ਦੀ ਉਮੀਦ ਹੈ।
ਨਾਈਟ ਫ੍ਰੈਂਕ ਦੀ ਰੀਪੋਰਟ ਮੁਤਾਬਕ 2024 ’ਚ ਭਾਰਤੀ ਯੂ.ਐੱਚ.ਐੱਨ.ਡਬਲਿਊ.ਆਈ. ਦੀ 90 ਫੀ ਸਦੀ ਜਾਇਦਾਦ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ 63 ਫੀ ਸਦੀ ਜਾਇਦਾਦਾਂ ਦੀ ਕੀਮਤ ’ਚ 10 ਫੀ ਸਦੀ ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਉਮੀਦ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਪੂਰੀ ਦੁਨੀਆਂ ’ਚ ਅਮੀਰ ਲੋਕਾਂ ਦੀ ਗਿਣਤੀ ਅਗਲੇ ਪੰਜ ਸਾਲਾਂ ’ਚ 28.1 ਫੀ ਸਦੀ ਵਧ ਕੇ 8,02,891 ਹੋਣ ਦੀ ਉਮੀਦ ਹੈ। ਵਿਸ਼ਵ ਪੱਧਰ ’ਤੇ, ਯੂ.ਐੱਚ.ਐੱਨ.ਡਬਲਿਊ.ਆਈ. ਦੀ ਗਿਣਤੀ 2023 ’ਚ 4.2 ਫ਼ੀ ਸਦੀ ਵਧ ਕੇ 6,26,619 ਹੋ ਗਈ, ਜੋ ਇਕ ਸਾਲ ਪਹਿਲਾਂ 6,01,300 ਸੀ। ਇਹ ਵਾਧਾ 2022 ’ਚ ਵੇਖੀ ਗਈ ਗਿਰਾਵਟ ਨਾਲੋਂ ਕਿਤੇ ਵੱਧ ਹੈ।
ਵੱਖ-ਵੱਖ ਦੇਸ਼ਾਂ ਦੀ ਗੱਲ ਕਰੀਏ ਤਾਂ ਤੁਰਕੀਏ ’ਚ ਅਮੀਰਾਂ ਦੀ ਗਿਣਤੀ ’ਚ ਸਾਲਾਨਾ ਆਧਾਰ ’ਤੇ ਸੱਭ ਤੋਂ ਜ਼ਿਆਦਾ 9.7 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਅਮਰੀਕਾ (7.9 ਫੀ ਸਦੀ), ਭਾਰਤ (6.1 ਫੀ ਸਦੀ), ਦਖਣੀ ਕੋਰੀਆ (5.6 ਫੀ ਸਦੀ) ਅਤੇ ਸਵਿਟਜ਼ਰਲੈਂਡ (5.2 ਫੀ ਸਦੀ) ਦਾ ਨੰਬਰ ਆਉਂਦਾ ਹੈ।