
ਉੱਤਰ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਟੈਕਸ ਵਸੂਲੀ 'ਚ ਆਈ ਗਿਰਾਵਟ ਨੇ ਇਨਕਮ ਟੈਕਸ ਵਿਭਾਗ ਨੂੰ ਸੁਚੇਤ ਕਰ ਦਿਤਾ ਹੈ। ਵਿਭਾਗ ਨੇ ਲਖਨਊ...
ਨਵੀਂ ਦਿੱਲੀ : ਉੱਤਰ ਪ੍ਰਦੇਸ਼, ਬਿਹਾਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਟੈਕਸ ਵਸੂਲੀ 'ਚ ਆਈ ਗਿਰਾਵਟ ਨੇ ਇਨਕਮ ਟੈਕਸ ਵਿਭਾਗ ਨੂੰ ਸੁਚੇਤ ਕਰ ਦਿਤਾ ਹੈ। ਵਿਭਾਗ ਨੇ ਲਖਨਊ, ਕਾਨਪੁਰ ਅਤੇ ਪਟਨਾ ਸਮੇਤ ਕਈ ਸ਼ਹਿਰਾਂ ਵਿਚ ਛਾਪੇਮਾਰੀ ਦੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ ਟੈਕਸ ਨਾ ਭਰਨ ਵਾਲਿਆਂ 'ਤੇ ਵਿਭਾਗ ਨਾ ਸਿਰਫ ਸਖ਼ਤ ਕਦਮ ਚੁੱਕੇਗਾ, ਸਗੋਂ ਅਪਰਾਧਿਕ ਮਾਮਲਾ ਵੀ ਦਰਜ ਕਰੇਗਾ। ਫ਼ਰਵਰੀ ਦੇ ਅਖੀਰ ਵਿਚ ਵਿਭਾਗ ਟੈਕਸ ਚੋਰਾਂ ਵਿਰੁਧ ਅਪਣੀ ਮੁਹਿੰਮ ਸ਼ੁਰੂ ਕਰ ਸਕਦਾ ਹੈ।
Income Tax
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੇ ਕੋਲ ਵੱਖ-ਵੱਖ ਸ਼ਹਿਰਾਂ ਦੇ ਅੰਕੜੇ ਆ ਗਏ ਹਨ। ਅੰਕੜਿਆਂ ਵਿਚ ਅਹਿਮਦਾਬਾਦ, ਹੈਦਰਾਬਾਦ, ਲਖਨਊ, ਭੋਪਾਲ, ਕਾਨਪੁਰ, ਪਟਨਾ ਅਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਟੈਕਸ ਵਸੂਲੀ ਵਿਚ ਸੱਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਹਫ਼ਤੇ ਹੀ ਆਮਦਨ ਕਰ ਵਿਭਾਗ ਨੇ ਟੈਕਸ ਦੀ ਚੋਰੀ ਕਰਨ ਵਾਲਿਆਂ ਨੂੰ ਆਖਰੀ ਚਿਤਾਵਨੀ ਦਿਤੀ ਸੀ। ਵਿਭਾਗ ਨੇ ਕਿਹਾ ਕਿ 'ਨਾਨ-ਫਾਈਲਰਸ ਮੋਨੀਟਰਿੰਗ ਸਿਸਟਮ' ਜ਼ਰੀਏ ਸਮੁੱਚੇ ਅੰਕੜੇ ਉਨ੍ਹਾਂ ਦੀ ਨਜ਼ਰ ਵਿਚ ਹਨ।
ਇਸ ਸਿਸਟਮ ਨਾਲ ਵਿੱਤੀ ਲੈਣ-ਦੇਣ ਦੀ ਸਟੇਟਮੈਂਟ, ਟੀਡੀਐੱਸ, ਵਿਦੇਸ਼ੀ ਕਰੰਸੀ ਵਿਚ ਲੈਣ-ਦੇਣ ਅਤੇ ਦਰਾਮਦ-ਬਰਾਮਦ ਦੇ ਅੰਕੜੇ ਪਕੜ ਵਿਚ ਆਏ ਹਨ। ਵਿਭਾਗ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਦੀ ਪੂਰੀ ਜਾਣਕਾਰੀ ਉਨ੍ਹਾਂ ਦੇ ਕੋਲ ਹੈ, ਜਿਨ੍ਹਾਂ ਨੇ ਵੱਡੇ ਲੈਣ-ਦੇਣ ਤਾਂ ਕੀਤੇ ਹਨ ਪਰ ਰਿਟਰਨ ਦਾਖਲ ਨਹੀਂ ਕੀਤੀਆਂ ਹਨ। ਅਜਿਹੇ ਲੋਕਾਂ ਨੂੰ ਸਲਾਹ ਦਿਤੀ ਗਈ ਸੀ ਕਿ ਉਹ 21 ਦਿਨਾਂ ਦੇ ਅੰਦਰ ਆਪਣੀ ਰਿਟਰਨ ਦਾਖਲ ਕਰਨ ਜਾਂ ਆਨਲਾਈਨ ਸਿਸਟਮ ਜ਼ਰੀਏ ਅਪਣਾ ਪੱਖ ਰੱਖਣ।
Income Tax Dept
ਤਸੱਲੀਬਖਸ਼ ਜਵਾਬ ਪਾਏ ਜਾਣ 'ਤੇ ਮਾਮਲੇ ਨੂੰ ਆਨਲਾਈਨ ਹੀ ਖਤਮ ਕਰ ਦਿਤਾ ਜਾਵੇਗਾ ਪਰ ਜਵਾਬ ਨਾ ਆਉਣ 'ਤੇ ਇਨਕਮ ਟੈਕਸ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਫ਼ਰਵਰੀ ਦੇ ਅੱਧ ਤੱਕ ਇਨਕਮ ਟੈਕਸ ਵਿਭਾਗ ਦੀ ਇਹ ਆਖਰੀ ਡੈੱਡਲਾਈਨ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਵਿਭਾਗ ਅਪਣੇ ਪੱਧਰ 'ਤੇ ਕਾਰਵਾਈ ਲਈ ਛਾਪੇਮਾਰੀ ਸ਼ੁਰੂ ਕਰ ਦੇਵੇਗਾ। ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਵਸੂਲੀ ਲਈ ਕਦਮ ਚੁੱਕੇਗਾ। ਇਸ ਦੇ ਲਈ ਵਿਭਾਗ ਦੇ ਅਧਿਕਾਰੀ ਉਨ੍ਹਾਂ ਥਾਵਾਂ 'ਤੇ ਸਰਵੇ ਕਰਨਗੇ, ਜਿੱਥੇ ਮੋਟੀ ਰਕਮ ਬਕਾਇਆ ਹੋਣ ਦਾ ਸ਼ੱਕ ਹੈ।
Income Tax
ਨਾਲ ਹੀ ਜ਼ਰੂਰਤ ਪੈਣ 'ਤੇ ਟੈਕਸ ਨਾ ਚੁਕਾਉਣ ਵਾਲੇ ਲੋਕਾਂ ਦੀ ਜਾਇਦਾਦ ਜ਼ਬਤ ਕਰ ਕੇ ਉਸ ਨੂੰ ਵੇਚਣ ਦਾ ਵੀ ਕਦਮ ਚੁੱਕਿਆ ਜਾ ਸਕਦਾ ਹੈ। ਇਨਕਮ ਟੈਕਸ ਵਿਭਾਗ ਅਜਿਹੇ ਲੋਕਾਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਵੀ ਪੂਰੀ ਤਰ੍ਹਾਂ ਤਿਆਰੀ ਵਿਚ ਹੈ, ਜਿਨ੍ਹਾਂ ਨੇ ਜਾਣ ਬੁੱਝਕੇ ਟੈਕਸ ਨਹੀਂ ਦਿਤਾ ਹੈ।