ਹਰ ਸਾਲ 80 ਲੱਖ ਤੋਂ 1 ਕਰੋੜ ਦੀ ਗਿਣਤੀ ਨਾਲ ਭਾਰਤ ’ਚ ਹੁੰਦੇ ਨੇ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਵਿਆਹ
ਵਿਆਹਾਂ ’ਤੇ ਹਰ ਸਾਲ 10 ਲੱਖ ਕਰੋੜ ਰੁਪਏ ਖ਼ਰਚ ਕਰਦੈ ਭਾਰਤ, ਸਿਖਿਆ ਤੋਂ ਦੁਗਣਾ ਖ਼ਰਚ ਵਿਆਹਾਂ ’ਤੇ
ਨਵੀਂ ਦਿੱਲੀ: ਭਾਰਤੀ ਵਿਆਹ ਉਦਯੋਗ ਦਾ ਆਕਾਰ ਲਗਭਗ 10 ਲੱਖ ਕਰੋੜ ਰੁਪਏ ਹੈ, ਜੋ ਭੋਜਨ ਅਤੇ ਕਰਿਆਨੇ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਿੱਖਿਆ ਦੇ ਮੁਕਾਬਲੇ ਔਸਤਨ ਭਾਰਤੀ ਵਿਆਹ ਪ੍ਰੋਗਰਾਮਾਂ ’ਤੇ ਦੁੱਗਣਾ ਖਰਚ ਕਰਦੇ ਹਨ। ਭਾਰਤ ’ਚ ਸਾਲਾਨਾ 80 ਤੋਂ 1 ਕਰੋੜ ਵਿਆਹ ਹੁੰਦੇ ਹਨ, ਜਦਕਿ ਚੀਨ ’ਚ 70 ਤੋਂ 80 ਲੱਖ ਅਤੇ ਅਮਰੀਕਾ ’ਚ 2-25 ਲੱਖ ਵਿਆਹ ਹੁੰਦੇ ਹਨ।
ਬ੍ਰੋਕਰੇਜ ਫਰਮ ਜੈਫਰੀਜ਼ ਨੇ ਇਕ ਰੀਪੋਰਟ ਵਿਚ ਕਿਹਾ ਕਿ ਭਾਰਤੀ ਵਿਆਹ ਉਦਯੋਗ ਅਮਰੀਕਾ (70 ਅਰਬ ਡਾਲਰ) ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਹਾਲਾਂਕਿ, ਇਹ ਚੀਨ (170 ਬਿਲੀਅਨ ਅਮਰੀਕੀ ਡਾਲਰ) ਨਾਲੋਂ ਛੋਟਾ ਹੈ। ਰੀਪੋਰਟ ਮੁਤਾਬਕ ਭਾਰਤ ’ਚ ਖਪਤ ਸ਼੍ਰੇਣੀ ’ਚ ਵਿਆਹ ਦੂਜੇ ਨੰਬਰ ’ਤੇ ਹਨ। ਜੇ ਵਿਆਹ ਇਕ ਸ਼੍ਰੇਣੀ ਹੁੰਦੀ, ਤਾਂ ਉਹ ਭੋਜਨ ਅਤੇ ਕਰਿਆਨੇ (681 ਬਿਲੀਅਨ ਅਮਰੀਕੀ ਡਾਲਰ) ਤੋਂ ਬਾਅਦ ਦੂਜੀ ਸੱਭ ਤੋਂ ਵੱਡੀ ਪ੍ਰਚੂਨ ਸ਼੍ਰੇਣੀ ਹੁੰਦੀ।
ਭਾਰਤ ’ਚ ਵਿਆਹ ਸ਼ਾਨਦਾਰ ਹੁੰਦੇ ਹਨ ਅਤੇ ਇਸ ’ਚ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਖਰਚੇ ਸ਼ਾਮਲ ਹੁੰਦੇ ਹਨ। ਇਹ ਗਹਿਣਿਆਂ ਅਤੇ ਕਪੜਿਆਂ ਵਰਗੀਆਂ ਸ਼੍ਰੇਣੀਆਂ ’ਚ ਖਪਤ ਨੂੰ ਵਧਾਉਂਦਾ ਹੈ ਅਤੇ ਅਸਿੱਧੇ ਤੌਰ ’ਤੇ ਆਟੋ ਅਤੇ ਇਲੈਕਟਰਾਨਿਕਸ ਉਦਯੋਗ ਨੂੰ ਲਾਭ ਪਹੁੰਚਾਉਂਦਾ ਹੈ। ਬੇਲੋੜੇ ਵਿਆਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਵਿਦੇਸ਼ਾਂ ’ਚ ਹੋਣ ਵਾਲੇ ਆਲੀਸ਼ਾਨ ਵਿਆਹ ਭਾਰਤੀ ਸ਼ਾਨ ਨੂੰ ਪ੍ਰਦਰਸ਼ਿਤ ਕਰਦੇ ਰਹਿੰਦੇ ਹਨ।
ਹਰ ਸਾਲ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ ਅਤੇ ਭਾਰਤ ’ਚ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਵਿਆਹ ਹੁੰਦੇ ਹਨ। ਕੈਟ ਮੁਤਾਬਕ ਇਸ ਦਾ ਆਕਾਰ 130 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ। ਭਾਰਤ ਦਾ ਵਿਆਹ ਉਦਯੋਗ ਅਮਰੀਕਾ ਨਾਲੋਂ ਲਗਭਗ ਦੁੱਗਣਾ ਹੈ ਅਤੇ ਪ੍ਰਮੁੱਖ ਖਪਤ ਸ਼੍ਰੇਣੀਆਂ ’ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਭਾਰਤੀ ਵਿਆਹ ਕਈ ਦਿਨਾਂ ਤਕ ਚੱਲਦੇ ਹਨ ਅਤੇ ਸਧਾਰਣ ਤੋਂ ਲੈ ਕੇ ਬਹੁਤ ਸ਼ਾਨਦਾਰ ਤਕ ਹੁੰਦੇ ਹਨ। ਖੇਤਰ, ਧਰਮ ਅਤੇ ਆਰਥਕ ਪਿਛੋਕੜ ਇਸ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਰੀਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ ਭਾਰਤ ਵਿਚ ਵਿਆਹ ’ਤੇ ਖਰਚ ਸਿੱਖਿਆ (ਗ੍ਰੈਜੂਏਸ਼ਨ ਤਕ ) ਨਾਲੋਂ ਦੁੱਗਣਾ ਹੈ, ਜਦਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਸਿੱਖਿਆ ਦੇ ਅੱਧੇ ਤੋਂ ਵੀ ਘੱਟ ਹੈ।