
ਭਾਰਤ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ।
ਨਵੀਂ ਦਿੱਲੀ: ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਗਠਿਤ ਸਮਰੱਥ ਅਥਾਰਟੀ ਨੇ ਚੀਨੀ ਮੋਬਾਈਲ ਫੋਨ ਨਿਰਮਾਤਾ ਸ਼ਾਓਮੀ ਦੇ ਬੈਂਕ ਖਾਤਿਆਂ ਵਿਚ ਜਮ੍ਹਾ 5,551 ਕਰੋੜ ਰੁਪਏ ਜ਼ਬਤ ਕਰਨ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਫੇਮਾ ਸਮਰੱਥ ਅਥਾਰਟੀ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। 29 ਅਪ੍ਰੈਲ ਨੂੰ ਈਡਈ ਨੇ ਫੈਮਾ ਐਕਟ ਤਹਿਤ ਸ਼ਾਓਮੀ ਦੇ ਇਸ ਬੈਂਕ ਡਿਪਾਜ਼ਿਟ ਨੂੰ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।
ਬਾਅਦ ਵਿਚ ਇਹ ਹੁਕਮ ਅਥਾਰਟੀ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ। ਵਿਦੇਸ਼ੀ ਮੁਦਰਾ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ਨੂੰ ਕੰਟਰੋਲ ਕਰਨ ਵਾਲੇ ਫੇਮਾ ਕਾਨੂੰਨ ਦੇ ਤਹਿਤ ਅਥਾਰਟੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਈਡੀ ਨੇ ਇਕ ਬਿਆਨ ਵਿਚ ਕਿਹਾ ਕਿ ਫੇਮਾ ਐਕਟ ਦੀ ਧਾਰਾ 37ਏ ਦੇ ਤਹਿਤ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਬੈਂਕ ਜਮ੍ਹਾਂ ਰਕਮਾਂ ਨੂੰ ਜ਼ਬਤ ਕਰਨ ਲਈ ਇਕ ਆਦੇਸ਼ ਜਾਰੀ ਕੀਤਾ ਗਿਆ ਹੈ। ਈਡੀ ਨੇ ਕਿਹਾ, "ਇਹ ਭਾਰਤ ਵਿਚ ਜ਼ਬਤੀ ਦੀ ਸਭ ਤੋਂ ਵੱਧ ਰਕਮ ਹੈ ਜਿਸ ਨੂੰ ਅਥਾਰਟੀ ਦੀ ਮਨਜ਼ੂਰੀ ਮਿਲੀ ਹੈ।"
ਈਡੀ ਅਨੁਸਾਰ, ਅਥਾਰਟੀ ਨੇ ਸ਼ਾਓਮੀ ਇੰਡੀਆ ਦੁਆਰਾ ਭਾਰਤ ਤੋਂ 5,551.27 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਨੂੰ ਅਣਅਧਿਕਾਰਤ ਰੂਪ ਵਿਚ ਭੇਜਣ ਦੇ ਮਾਮਲੇ ਵਿਚ ਏਜੰਸੀ ਦੀ ਕਾਰਵਾਈ ਦਾ ਪਤਾ ਲਗਾਇਆ ਹੈ। ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਰਾਇਲਟੀ ਭੁਗਤਾਨ ਦੇ ਨਾਂ 'ਤੇ ਦੇਸ਼ ਤੋਂ ਬਾਹਰ ਵਿਦੇਸ਼ੀ ਕਰੰਸੀ ਭੇਜਣਾ ਫੇਮਾ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ।