
ਸਰਦੂਲਗੜ੍ਹ, 3 ਨਵੰਬਰ (ਵਿਨੋਦ ਜੈਨ): ਪਿਛਲੇ ਤਿੰਨ-ਚਾਰ ਮਹੀਨਾ ਤੋਂ ਮਹਿੰਗਾਈ ਨੇ ਲੋਕਾਂ ਦਾ ਕੰਚੂਮਰ ਕੱਢ ਕੇ ਰੱਖ ਦਿਤਾ ਹੈ। ਇਨ੍ਹਾਂ ਦਿਨਾਂ ਵਿਚ ਜਿਥੇ ਰੋਜ਼ਾਨਾ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਵਾਲੀਆਂ ਵਸਤਾਂ ਵਿਚ ਕਾਫ਼ੀ ਤੇਜ਼ ਹੋ ਗਈਆਂ ਹਨ, ਉਥੇ ਹੀ ਟਮਾਟਰ ਨੇ ਤਾਂ ਲੋਕਾਂ ਜ਼ਾਇਕਾ ਹੀ ਖ਼ਰਾਬ ਕਰ ਦਿਤਾ ਹੈ ਜਿਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿਤਾ ਹੈ। ਜਿਥੇ ਰਸੋਈ ਦਾ ਬਜਟ ਵਿਗੜਿਆ ਹੈ, ਉਥੇ ਹੀ ਰਿਟੇਲ ਦੁਕਾਨਦਾਰ ਦਾ ਵੀ ਬਜਟ ਹਿਲਾ ਕੇ ਰੱਖ ਦਿਤਾ ਹੈ। ਪਿਛਲੇ 15 ਦਿਨਾਂ ਵਿਚ ਹੀ ਟਮਾਟਰ ਦੇ ਰੇਟਾਂ ਵਿਚ 50 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਣ ਕਾਰਨ ਰਿਟੇਲ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਦੀ ਲਾਗਤ ਵੱਧ ਗਈ ਜਦਕਿ ਮੁਨਾਫ਼ਾ ਘੱਟ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਾਰਕੀਟ ਵਿਚ ਆਈ ਤੇਜ਼ੀ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਭਾਅ ਨਹੀਂ ਮਿਲਦਾ, ਤੇਜ਼ੀ ਦਾ ਸਾਰਾ ਫ਼ਾਇਦਾ ਵੱਡੇ ਵਪਾਰੀ ਲੈ ਜਾਂਦੇ ਹਨ।
ਇਸ ਸਬੰਧ ਵਿਚ ਮਮਤਾ ਗੋਇਲ ਅਤੇ ਕ੍ਰਿਸ਼ਨਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਹਿੰਗਾਈ ਨਾਲ ਰਸੋਈ ਦਾ ਸਾਰਾ ਬਜਟ ਵਿਗੜ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਹੀ ਟਮਾਟਰ ਜੋ 25 ਤੋਂ 30 ਰੁਪਏ ਕਿਲੋ ਮਿਲ ਰਿਹਾ ਸੀ, ਉਹ ਅੱਜ 80 ਰੁਪਏ ਕਿਲੋ ਮਿਲ ਰਿਹਾ ਹੈ ਕਿਉਂਕਿ ਟਮਾਟਰ ਤਕਰੀਬਨ ਹਰ ਇਕ ਸਬਜ਼ੀ ਵਿਚ ਪੈਂਦਾ ਹੈ ਜਿਸ ਕਾਰਨ ਹੱਥ ਘੁੱਟ ਕੇ ਵਰਤਣਾ ਪੈਂਦਾ ਹੈ। ਕਈ ਸ਼ਬਜ਼ੀਆਂ ਵਿਚ ਅਮਚੂਰ ਪਾਉਣਾ ਪੈਂਦਾ ਹੈ ਜਿਸ ਕਾਰਨ ਟਮਾਟਰ ਨੇ ਰਸੋਈ ਦਾ ਜ਼ਾਇਕਾ ਖ਼ਰਾਬ ਕਰ ਕੇ ਰੱਖ ਦਿਤਾ ਹੈ। ਇਸ ਸਬੰਧ ਵਿਚ ਦਰਸ਼ਨ ਜੈਨ ਅਤੇ ਰਾਜ ਕੁਮਾਰ ਘੁੱਦੂਵਾਲਾ ਦਾ ਕਹਿਣਾ ਹੈ ਕਿ ਟਮਾਟਰ ਅਤੇ ਪਿਆਜ਼ ਦੋਨੇ ਹੀ ਕਾਫ਼ੀ ਮਹਿੰਗੇ ਹੋ ਗਏ ਹਨ ਜਿਸ ਨਾਲ ਹੁਣ ਸਬਜ਼ੀਆਂ ਨੂੰ 'ਤੜਕਾ' ਲਾਉਣਾ ਹੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਪਿਆਜ਼ 10 ਰੁਪਏ ਕਿਲੋ ਮਿਲਦਾ ਸੀ, ਉਸ ਦਾ ਭਾਅ ਹੁਣ 50 ਰੁਪਏ ਕਿਲੋ ਮਿੱਲ ਰਿਹਾ ਹੈ ਜਿਸ ਕਾਰਨ ਮਹਿੰਗਾਈ ਨੇ ਲੋਕਾ ਦਾ ਕਚੁੰਬਰ ਕੱਢ ਕੇ ਰੱਖ ਦਿਤਾ ਹੈ। ਇਸ ਸਬੰਧ ਵਿਚ ਸਬਜ਼ੀ ਵਿਕਰੇਤਾ ਅਮਿਤ ਉੱਪਲ ਦਾ ਕਹਿਣਾ ਹੈ ਕਿ ਟਮਾਟਰ ਅਤੇ ਪਿਆਜ਼ ਵਿਚ ਤੇਜ਼ੀ ਆਉਣ ਕਾਰਨ ਜਿਥੇ ਦੁਕਾਨਦਾਰਾਂ ਦੀਆਂ ਲਾਗਤਾਂ ਵੱਧ ਗਈਆਂ ਹਨ, ਉਥੇ ਹੀ ਰਿਟੇਲ ਦੁਕਾਨਦਾਰਾਂ ਦੇ ਮੁਨਾਫ਼ੇ ਵੀ ਘੱਟ ਗਏ ਹਨ ਅਤੇ ਟਮਾਟਰ ਦੀ ਵਿਕਰੀ 'ਤੇ ਵੀ ਅਸਰ ਪਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਆਰਥਕ ਨੁਕਸਾਨ ਵੀ ਉਠਾਉਣਾ ਪੈਂਦਾ ਹੈ।