
Chandigarh News : ਹਰਿਆਣਾ ’ਚ ਮੀਂਹ ਔਸਤ ਤੋਂ 30 ਫੀਸਦੀ ਵਾਧੂ ਰਿਹਾ
Chandigarh News in Punjabi : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੰਗਲਵਾਰ ਨੂੰ ਵੀ ਮੀਂਹ ਜਾਰੀ ਰਿਹਾ। ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ 13.5 ਮਿਲੀਮੀਟਰ ਮੀਂਹ ਪਿਆ। ਹਰਿਆਣਾ ’ਚ ਅੰਬਾਲਾ, ਹਿਸਾਰ, ਰੋਹਤਕ, ਕਰਨਾਲ, ਨਾਰਨੌਲ, ਚਰਖੀ, ਦਾਦਰੀ, ਪੰਚਕੂਲਾ ਅਤੇ ਰੇਵਾੜੀ ਸਮੇਤ ਹੋਰ ਥਾਵਾਂ ਉਤੇ ਮੀਂਹ ਪਿਆ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਮੋਹਾਲੀ ਅਤੇ ਗੁਰਦਾਸਪੁਰ ਸਮੇਤ ਕਈ ਥਾਵਾਂ ਉਤੇ ਮੀਂਹ ਪਿਆ। ਚੰਡੀਗੜ੍ਹ ਵਿਚ ਪਿਛਲੇ ਤਿੰਨ ਦਿਨਾਂ ਵਿਚ 200 ਮਿਲੀਮੀਟਰ ਤੋਂ ਵੱਧ ਦੀ ਭਾਰੀ ਮੀਂਹ ਪਿਆ ਹੈ।
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿਚ ਮੰਗਲਵਾਰ ਸਵੇਰੇ 8:30 ਵਜੇ ਤਕ ਬੀਤੇ 24 ਘੰਟਿਆਂ ਦੌਰਾਨ 13.5 ਮਿਲੀਮੀਟਰ ਮੀਂਹ ਪਿਆ। ਇਸ ਤੋਂ ਪਹਿਲਾਂ ਦੋ ਦਿਨਾਂ ਵਿਚ ਸ਼ਹਿਰ ਵਿਚ 190 ਮਿਲੀਮੀਟਰ ਮੀਂਹ ਪਿਆ ਸੀ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਜੂਨ ਵਿਚ ਵਾਧੂ ਮੀਂਹ ਪਿਆ ਹੈ।
ਮੌਸਮ ਵਿਭਾਗ ਨੇ ਦਸਿਆ ਕਿ ਪੰਜਾਬ ’ਚ ਪਿਛਲੇ ਮਹੀਨੇ 69.7 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਤੌਰ ਉਤੇ 54.5 ਮਿਲੀਮੀਟਰ ਮੀਂਹ ਪੈਂਦਾ ਹੈ, ਜੋ ਕਿ 28 ਫੀ ਸਦੀ ਵਾਧੂ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਜੂਨ ਵਿਚ 30 ਫ਼ੀ ਸਦੀ ਵਾਧੂ ਮੀਂਹ ਪਿਆ ਅਤੇ ਜੂਨ ਵਿਚ 71.7 ਮਿਲੀਮੀਟਰ ਮੀਂਹ ਪਿਆ ਜਦਕਿ ਆਮ ਤੌਰ ਉਤੇ 55.3 ਮਿਲੀਮੀਟਰ ਮੀਂਹ ਪੈਂਦਾ ਹੈ।
ਚੰਡੀਗੜ੍ਹ ਵਿਚ ਜੂਨ ਵਿਚ 213 ਮਿਲੀਮੀਟਰ ਦੇ ਨਾਲ 37 ਫ਼ੀ ਸਦੀ ਵਧੇਰੇ ਮੀਂਹ ਪਿਆ ਜਦਕਿ ਮਹੀਨੇ ਦੀ ਔਸਤ 155.5 ਮਿਲੀਮੀਟਰ ਸੀ। ਚੰਡੀਗੜ੍ਹ ਵਿਚ ਸੱਭ ਤੋਂ ਵੱਧ ਮੀਂਹ ਦਾ ਪਿਛਲਾ ਰੀਕਾਰਡ ਜੂਨ 2013 ਵਿਚ 251.5 ਮਿਲੀਮੀਟਰ ਸੀ। ਪੰਜਾਬ ਦੇ ਫਰੀਦਕੋਟ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਲੁਧਿਆਣਾ, ਪਠਾਨਕੋਟ, ਪਟਿਆਲਾ, ਰੂਪਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਜੂਨ ਵਿਚ ਆਮ ਨਾਲੋਂ ਵੱਧ ਮੀਂਹ ਪਿਆ। ਹਰਿਆਣਾ ਦੇ ਭਿਵਾਨੀ, ਫਤਿਹਾਬਾਦ, ਹਿਸਾਰ, ਝੱਜਰ, ਕਰਨਾਲ, ਕੁਰੂਕਸ਼ੇਤਰ, ਮਹਿੰਦਰਗੜ੍ਹ, ਨੂਹ, ਯਮੁਨਾਨਗਰ ਅਤੇ ਰੇਵਾੜੀ ’ਚ ਪਿਛਲੇ ਮਹੀਨੇ ਵਾਧੂ ਮੀਂਹ ਪਿਆ।
(For more news apart from Punjab received 28 percent excess rainfall during June News in Punjabi, stay tuned to Rozana Spokesman)