
High Court News : 9 ਫੀਸਦੀ ਵਿਆਜ ਸਮੇਤ 2.90 ਲੱਖ ਰੁਪਏ ਵਾਪਸ ਕਰਨ ਦਾ ਦਿੱਤਾ ਹੁਕਮ
High Court News : ਚੰਡੀਗੜ੍ਹ ’ਚ ਇਕ ਬਜ਼ੁਰਗ ਵਿਅਕਤੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕੰਪਨੀ ’ਤੇ ਜੁਰਮਾਨਾ ਲਗਾਇਆ ਹੈ। ਕੰਪਨੀ ’ਤੇ ਨੁਕਸਦਾਰ ਸੁਣਨ ਵਾਲੇ ਯੰਤਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ।
ਚੰਡੀਗੜ੍ਹ ’ਚ ਇਕ 92 ਸਾਲਾ ਬਜ਼ੁਰਗ ਐੱਸ.ਅਗਰਵਾਲ ਦੀ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਖਪਤਕਾਰ ਅਦਾਲਤ ਨੇ ਪ੍ਰਾਈਵੇਟ ਕੰਪਨੀ ਨੂੰ ਖ਼ਰਾਬ ਮਸ਼ੀਨ ਦੇਣ ’ਤੇ 9 ਫੀਸਦੀ ਵਿਆਜ ਸਮੇਤ 2.90 ਲੱਖ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਮੰਨਿਆ ਹੈ ਕਿ ਕੰਪਨੀ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਿਚ ਲਾਪਰਵਾਹੀ ਵਰਤੀ ਹੈ। ਇਸ ਕਾਰਨ ਉਸ ਨੂੰ ਇਹ ਜੁਰਮਾਨਾ ਭਰਨਾ ਪਵੇਗਾ।
ਸ਼ਿਕਾਇਤਕਰਤਾ ਅਗਰਵਾਲ ਨੇ ਅਦਾਲਤ ਵਿਚ ਸ਼ਿਕਾਇਤ ਕੀਤੀ ਕਿ ਉਸ ਨੇ ਸੁਣਨ ਵਾਲੀਆਂ ਮਸ਼ੀਨਾਂ ਖਰੀਦਣ ਲਈ 2.90 ਲੱਖ ਰੁਪਏ ਖਰਚ ਕੀਤੇ ਸਨ। ਉਸ ਨੇ ਇਹ ਮਸ਼ੀਨ ਐਂਪਲੀਫਾਇਰ ਨਾਂ ਦੀ ਕੰਪਨੀ ਤੋਂ ਖਰੀਦੀ ਸੀ। ਪਰ ਮਸ਼ੀਨ ਪਹਿਲੇ ਦਿਨ ਤੋਂ ਕੰਮ ਨਹੀਂ ਕਰ ਰਹੀ ਸੀ। ਇਸ ਮਸ਼ੀਨ ਨੂੰ ਪਾ ਕੇ ਉਸ ਨੂੰ ਸੁਣਨ ’ਚ ਕੋਈ ਮਦਦ ਨਹੀਂ ਮਿਲ ਰਹੀ ਸੀ। ਇਸ ਤੋਂ ਬਾਅਦ ਉਸ ਨੇ ਕੰਪਨੀ ਨੂੰ ਇਸ ਦੀ ਸ਼ਿਕਾਇਤ ਕੀਤੀ। ਪਰ ਕੰਪਨੀ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਬਜ਼ੁਰਗ ਨੇ ਅਦਾਲਤ ਤੱਕ ਪਹੁੰਚ ਕੀਤੀ।
ਕੰਪਨੀ ਨੇ ਵੀ ਅਦਾਲਤ ’ਚ ਆਪਣਾ ਪੱਖ ਪੇਸ਼ ਕੀਤਾ। ਕੰਪਨੀ ਨੇ ਅਦਾਲਤ ਨੂੰ ਦੱਸਿਆ ਕਿ ਮਸ਼ੀਨ ਵਿਚ ਕੋਈ ਨੁਕਸ ਨਹੀਂ ਸੀ। ਪਰ ਬਜ਼ੁਰਗ ਦੇ ਬੁਢਾਪੇ ਕਾਰਨ ਉਸ ਨੂੰ ਸੁਣਨ ’ਚ ਮੁਸ਼ਕਲ ਆ ਰਹੀ ਹੈ ਅਤੇ ਮਸ਼ੀਨ ਉਸ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ। ਕੰਪਨੀ ਤਰਫੋਂ ਕਿਹਾ ਗਿਆ ਕਿ ਸ਼ਿਕਾਇਤਕਰਤਾ ਨੇ ਮਸ਼ੀਨ ’ਚ ਕੋਈ ਤਕਨੀਕੀ ਨੁਕਸ ਸਾਬਤ ਕਰਨ ਲਈ ਪਟੀਸ਼ਨ ਵਿਚ ਕੋਈ ਮਾਹਿਰ ਰਿਪੋਰਟ ਵੀ ਨਹੀਂ ਦਿੱਤੀ ਹੈ। ਪਰ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਬਜ਼ੁਰਗ ਦੀ ਪਟੀਸ਼ਨ ’ਤੇ ਇਹ ਫੈਸਲਾ ਦਿੱਤਾ ਹੈ।