
ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ
Chandigarh News : ਚੰਡੀਗੜ੍ਹ ਦੇ 43 -ਸੈਕਟਰ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ AIG ਸਹੁਰੇ ਨੇ ਭਾਰਤੀ ਮਾਲੀਆ ਸੇਵਾ (IRS) ਦੇ ਅਧਿਕਾਰੀ ਯਾਨੀ ਆਪਣੇ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜੇ ਸਨ। ਪੁਲਸ ਨੇ ਆਰੋਪੀ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲੀਸ ਅਨੁਸਾਰ ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ IRS ਅਧਿਕਾਰੀ ਸੀ। ਉਸ ਦੀ ਪਤਨੀ ਨਾਲ ਤਲਾਕ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸ਼ਨੀਵਾਰ ਨੂੰ ਲੜਕਾ-ਲੜਕੀ ਪੱਖ ਸੁਣਵਾਈ ਲਈ ਅਦਾਲਤ ਪਹੁੰਚੇ ਸਨ। ਇੱਥੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਮੀਡੀਏਸ਼ਨ ਸੈਂਟਰ (ਵਿਚੋਲਗੀ ਸੈਂਟਰ ) ਭੇਜ ਦਿੱਤਾ ਸੀ। ਇੱਥੇ ਦੋਵਾਂ ਧਿਰਾਂ ਦੀ ਕੌਂਸਲਿੰਗ ਚੱਲ ਰਹੀ ਸੀ।
ਇਸ ਦੌਰਾਨ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ AIG ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਲਈ ਕਿਹਾ। ਉਹ ਆਪਣੇ ਜਵਾਈ ਹਰਪ੍ਰੀਤ ਨੂੰ ਰਸਤਾ ਪੁੱਛਣ ਦੇ ਬਹਾਨੇ ਮੀਡੀਏਸ਼ਨ ਸੈਂਟਰ ਯਾਨੀ ਵਿਚੋਲਗੀ ਸੈਂਟਰ ਤੋਂ ਬਾਹਰ ਲੈ ਗਿਆ। ਬਾਹਰ ਨਿਕਲਦੇ ਹੀ ਸਹੁਰੇ ਨੇ ਕਰੀਬ 5 ਰਾਊਂਡ ਫਾਇਰ ਕੀਤੇ। ਜਿਸ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਇਲਾਜ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।