
ਅਸਲਾ ਐਕਟ ਤਹਿਤ ਦੋਸ਼ ਆਇਦ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-10 ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਗੋਲਡੀ ਬਰਾੜ ਗਰੋਹ ਦੇ 8 ਮੈਂਬਰਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਜ਼ਿਲ੍ਹਾ ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਅਤੇ ਅਸਲਾ ਐਕਟ ਤਹਿਤ ਦੋਸ਼ ਆਇਦ ਕਰਦਿਆਂ ਗੁਰਵਿੰਦਰ ਸਿੰਘ ਉਰਫ਼ ਲੋਡੀ, ਕਾਸ਼ੀ ਸਿੰਘ ਉਰਫ਼ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਰਬਜੀਤ ਸਿੰਘ ਉਰਫ਼ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਇਸ ਮਾਮਲੇ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਅਜੇ ਫਰਾਰ ਹਨ ਅਤੇ ਉਨ੍ਹਾਂ ਖ਼ਿਲਾਫ਼ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। NIA ਨੇ ਜੂਨ 2024 'ਚ ਇਨ੍ਹਾਂ ਦੋਸ਼ੀਆਂ 'ਤੇ ਇਨਾਮ ਦਾ ਐਲਾਨ ਕੀਤਾ ਸੀ।
3 ਕਰੋੜ ਦੀ ਫਿਰੌਤੀ ਨਾ ਦੇਣ 'ਤੇ ਕੀਤੀ ਸੀ ਗੋਲੀਬਾਰੀ
ਇਹ ਮਾਮਲਾ 19 ਜਨਵਰੀ 2024 ਦਾ ਹੈ, ਜਦੋਂ ਅੱਤਵਾਦੀ ਗੋਲਡੀ ਬਰਾੜ ਨੇ ਸੈਕਟਰ-10 ਦੇ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਮੱਕੜ ਨੇ ਇਨਕਾਰ ਕੀਤਾ ਤਾਂ ਗੋਲਡੀ ਬਰਾੜ ਨੇ ਆਪਣੇ ਸਾਥੀ ਭੇਜ ਕੇ ਮੱਕੜ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ 'ਚ 5 ਗੋਲੀਆਂ ਚਲਾਈਆਂ ਗਈਆਂ, ਜੋ ਕਾਰੋਬਾਰੀ ਦੀ ਕਾਰ ਨੂੰ ਲੱਗੀਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੈਕਟਰ-3 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲੀਸ ਨੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
NIA ਨੇ ਆਪਣੇ ਹੱਥਾਂ 'ਚ ਲਿਆ ਮਾਮਲਾ, ਖੋਲ੍ਹੇ ਕਈ ਰਾਜ਼
ਗੋਲੀਬਾਰੀ ਤੋਂ ਬਾਅਦ ਗੋਲਡੀ ਬਰਾੜ ਦੇ ਨੈੱਟਵਰਕ ਦਾ ਪਰਦਾਫਾਸ਼ ਹੋਣ 'ਤੇ ਐਨ.ਆਈ.ਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਮਾਰਚ ਨੂੰ ਐਨ.ਆਈ.ਏ ਨੇ ਨਵੀਂ ਐਫ.ਆਈ.ਆਰ. ਦਰਜ ਕਰ ਲਿਆ ਅਤੇ ਮਾਮਲਾ ਆਪਣੇ ਹੱਥਾਂ 'ਚ ਲੈ ਲਿਆ। ਇਸ ਤੋਂ ਬਾਅਦ ਗੋਲਡੀ ਬਰਾੜ ਦੇ ਕੁਝ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਪੰਜਾਬ, ਚੰਡੀਗੜ੍ਹ ਅਤੇ ਹੋਰ ਰਾਜਾਂ ਵਿੱਚ ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ।