
High Court News : ਹਾਈ ਕੋਰਟ ਨੇ ਭਰਤੀ ਨਿਯਮਾਂ ਦੀ ਜਾਣਕਾਰੀ ਦੇਣ ਦੇ ਦਿਤੇ ਹੁਕਮ
PGI Chandigarh Refutes Reports of 62% Vacancies Latest News in Punjabi ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁਕਰਵਾਰ (4 ਜੁਲਾਈ) ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ), ਚੰਡੀਗੜ੍ਹ ਨੂੰ ਨਰਸਿੰਗ ਸਟਾਫ਼ ਅਤੇ ਹਸਪਤਾਲ ਅਟੈਂਡੈਂਟਾਂ ਦੀ ਭਰਤੀ ਨਾਲ ਸਬੰਧਤ ਨਿਯਮ ਦਾਇਰ ਕਰਨ ਦੇ ਨਿਰਦੇਸ਼ ਦਿਤੇ। ਅਦਾਲਤ ਨੇ ਖ਼ੁਦ ਨੋਟਿਸ ਲੈਂਦਿਆਂ ਇਹ ਨਿਰਦੇਸ਼ ਦਿਤੇ ਹਨ।
ਅਦਾਲਤ ਨੇ 17.06.2025 ਨੂੰ 'ਇਕ ਅਖ਼ਬਾਰ' ਵਿਚ ਪ੍ਰਕਾਸ਼ਤ ਖ਼ਬਰ ਦੇ ਆਧਾਰ 'ਤੇ ਨੋਟਿਸ ਲਿਆ ਹੈ। ਖ਼ਬਰ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਦੁੱਖ ਦਾ ਹਵਾਲਾ ਦਿਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਹਸਪਤਾਲ ਵਿਚ ਨਰਸਿੰਗ ਸਟਾਫ਼ ਅਤੇ ਹਸਪਤਾਲ ਅਟੈਂਡੈਂਟਾਂ ਦੀ ਵੱਡੀ ਘਾਟ ਹੈ। ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਹਸਪਤਾਲ ਵਿਚ ਹਸਪਤਾਲ ਅਟੈਂਡੈਂਟਾਂ ਦੀ ਵੱਡੀ ਘਾਟ ਹੈ ਅਤੇ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 62% ਖ਼ਾਲੀ ਪਈਆਂ ਹਨ।
ਸੁਣਵਾਈ ਦੌਰਾਨ, ਸੀਨੀਅਰ ਸਰਕਾਰੀ ਵਕੀਲ ਅਮਿਤ ਝਾਂਝੀ ਨੇ ਪੀ.ਜੀ.ਆਈ. ਵਲੋਂ ਅਦਾਲਤ ਵਿਚ ਇਕ ਸਟੇਟਸ ਰੀਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਅਖ਼ਬਾਰ ਵਿਚ 62% ਅਸਾਮੀਆਂ ਖ਼ਾਲੀ ਹੋਣ ਦਾ ਦਾਅਵਾ ਸਹੀ ਨਹੀਂ ਹੈ। ਉਨ੍ਹਾਂ ਇਹ ਵੀ ਦਸਿਆ ਕਿ ਕੁੱਝ ਅਸਾਮੀਆਂ ਖ਼ਾਲੀ ਹਨ ਕਿਉਂਕਿ ਢੁਕਵੇਂ ਉਮੀਦਵਾਰ ਨਹੀਂ ਮਿਲ ਸਕੇ।
ਅਦਾਲਤ ਨੇ ਕਿਹਾ, ‘ਪੀ.ਜੀ.ਆਈ.ਐਮ.ਈ.ਆਰ ਦੁਆਰਾ ਦਾਇਰ ਕੀਤੀ ਗਈ ਸਥਿਤੀ ਰੀਪੋਰਟ ਦਰਸਾਉਂਦੀ ਹੈ ਕਿ ਨਰਸਿੰਗ ਸੁਪਰਡੈਂਟ, ਡਿਪਟੀ ਨਰਸਿੰਗ ਸੁਪਰਡੈਂਟ, ਸਹਾਇਕ ਨਰਸਿੰਗ ਸੁਪਰਡੈਂਟ, ਸੀਨੀਅਰ ਨਰਸਿੰਗ ਅਫ਼ਸਰ, ਨਰਸਿੰਗ ਅਫ਼ਸਰ, ਪਬਲਿਕ ਹੈਲਥ ਨਰਸਿੰਗ ਅਫ਼ਸਰ ਅਤੇ ਹਸਪਤਾਲ ਅਟੈਂਡੈਂਟ ਦੀਆਂ ਅਸਾਮੀਆਂ ਵਿਚ ਖਾਲੀ ਅਸਾਮੀਆਂ ਦੇ ਕੁੱਝ ਜਾਇਜ਼ ਕਾਰਨ ਹਨ।"
ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 23 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ ਤੇ ਕਿਹਾ, "ਉਪਰੋਕਤ ਸਾਰੀਆਂ ਅਸਾਮੀਆਂ ਨਾਲ ਸਬੰਧਤ ਭਰਤੀ ਨਿਯਮਾਂ ਦੀ ਜਾਣਕਾਰੀ ਦੇਵੇ ਪੀਜੀਆਈ।"
(For more news apart from PGI Chandigarh Refutes Reports of 62% Vacancies Latest News in Punjabi stay tuned to Rozana Spokesman.)