ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰਿਆਂ (ਸੋਧ) ਐਕਟ ਨੂੰ ਚੰਡੀਗੜ੍ਹ ਤਕ ਵਧਾਇਆ ਗਿਆ
ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰਿਆਂ (ਸੋਧ) ਐਕਟ ਨੂੰ ਚੰਡੀਗੜ੍ਹ ਤਕ ਵਧਾ ਦਿਤਾ ਹੈ ਜਿਸ ਦਾ ਉਦੇਸ਼ ਛੋਟੇ ਕਾਰੋਬਾਰੀਆਂ ਉਤੇ ਪਾਲਣਾ ਦੇ ਬੋਝ ਨੂੰ ਘਟਾਉਣਾ ਅਤੇ ਸੂਬੇ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ ਹੈ।
ਇਸ ਸੋਧ ਅਨੁਸਾਰ ਪੰਜਾਬ ਅੰਦਰ 95 ਫੀ ਸਦੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ 20 ਤਕ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਐਕਟ ਦੀਆਂ ਸਾਰੀਆਂ ਧਾਰਾਵਾਂ ਤੋਂ ਛੋਟ ਦਿਤੀ ਗਈ ਹੈ। ਸੂਬਾ ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ‘ਇੰਸਪੈਕਟਰ ਰਾਜ’ ਤੋਂ ਮੁਕਤ ਕਰਨ ਲਈ ਇਸ ਸਾਲ ਅਗੱਸਤ ਵਿਚ ਸੋਧਾਂ ਲਾਗੂ ਕੀਤੀਆਂ ਸਨ। ਕਾਨੂੰਨ ਦੇ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਹੁਣ ਸਿਰਫ 20 ਤੋਂ ਵੱਧ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਵਾਲੀਆਂ ਦੁਕਾਨਾਂ ਲਈ ਲਾਗੂ ਹੋਵੇਗਾ।
ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਇਆ ਗਿਆ ਹੈ, ਅਤੇ 20 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਅਦਾਰਿਆਂ ਨੂੰ ਹੁਣ ਬਿਨੈ ਪੱਤਰ ਜਮ੍ਹਾਂ ਕਰਨ ਦੇ 24 ਘੰਟਿਆਂ ਦੇ ਅੰਦਰ ਰਜਿਸਟ੍ਰੇਸ਼ਨ ਲਈ ਡੀਮਡ ਪ੍ਰਵਾਨਗੀ ਮਿਲੇਗੀ। ਸੋਧ ਦੇ ਤਹਿਤ, 20 ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਸਿਰਫ ਮੁੱਢਲੀ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਅਤੇ ਉਹ ਰਜਿਸਟਰ ਕਰਨ ਲਈ ਪਾਬੰਦ ਨਹੀਂ ਹਨ।
