
ਆਦਤਨ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਮਾਮਲਾ ਜ਼ਿਲ੍ਹਾ ਅਦਾਲਤ ਅਤੇ ਲਾਇਸੈਂਸਿੰਗ ਅਥਾਰਟੀ ਕੋਲ ਚੁਕਿਆ
ਚੰਡੀਗੜ੍ਹ : ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਸਹਿਯੋਗ ਨਾਲ ਇਕ ਬਦਨਾਮ ਟ੍ਰੈਫਿਕ ਉਲੰਘਣਾ ਕਰਨ ਵਾਲੇ ਵਿਰੁਧ ਸਖਤ ਕਾਰਵਾਈ ਕੀਤੀ ਹੈ। 222 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਸ਼ੀ ਨੂੰ ਸਖਤ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ।
ਇਨ੍ਹਾਂ ਉਲੰਘਣਾਵਾਂ ’ਚ ਲਾਲ ਬੱਤੀ ਉਲੰਘਣਾ ਦੇ 44 ਮਾਮਲੇ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ 168 ਮਾਮਲੇ ਸ਼ਾਮਲ ਹਨ। ਇਸ ਦੇ ਨਤੀਜੇ ਵਜੋਂ ਉਲੰਘਣਾ ਕਰਨ ਵਾਲੇ ਦੀ ਗੱਡੀ ਜ਼ਬਤ ਕਰ ਲਈ ਗਈ ਹੈ ਅਤੇ 43,400/- ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਅਪਰਾਧੀ ਨੂੰ ਟ੍ਰੈਫਿਕ ਸਿਗਨਲ ’ਤੇ 15 ਦਿਨਾਂ ਦੀ ਭਾਈਚਾਰਕ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਸੀ.ਜੇ.ਐਮ. ਨੇ ਕਿਹਾ ਕਿ ਗੱਡੀ ਉਦੋਂ ਤਕ ਵਾਪਸ ਨਹੀਂ ਮੋੜੀ ਜਾਵੇਗੀ ਜਦੋਂ ਤਕ ਅਪਰਾਧੀ ਵਲੋਂ ਕੋਈ ਜਾਇਜ਼ ਲਾਇਸੈਂਸ ਵਾਲਾ ਵਿਅਕਤੀ ਆ ਕੇ ਅਰਜ਼ੀ ਨਹੀਂ ਦਿੰਦਾ।
ਕਾਰਵਾਈ ਇੱਥੇ ਖਤਮ ਨਹੀਂ ਹੁੰਦੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 17.02.2025 ਨੂੰ ਹੋਣ ਵਾਲੀ ਅਗਲੇਰੀ ਕਾਰਵਾਈ ਲਈ ਆਦਤਨ ਅਪਰਾਧੀਆਂ ਵਿਰੁਧ 10 ਹੋਰ ਕੇਸ ਤਿਆਰ ਕਰ ਕੇ ਪੇਸ਼ ਕੀਤੇ ਹਨ। ਇਹ ਕਾਰਵਾਈ ਵਾਰ-ਵਾਰ ਅਪਰਾਧ ਕਰਨ ਵਾਲਿਆਂ ਪ੍ਰਤੀ ਬਿਲਕੁਲ ਸਹਿਣਸ਼ੀਲਤਾ ਨਾ ਅਪਨਾਉਣ ਦੇ ਨਾਲ ਟ੍ਰੈਫਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੁਲਿਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਚੰਡੀਗੜ੍ਹ ਪੁਲਿਸ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕਾਂ ’ਤੇ ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ।