
6 ਮਿੰਟ 41 ਸਕਿੰਟ ਦੇ ਔਸਤ ਜਵਾਬ ਸਮੇਂ ਦੇ ਨਾਲ 17,469 ਪੀੜਤਾਂ ਨੂੰ ਬਚਾਇਆ
ਚੰਡੀਗੜ੍ਹ : ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (SSF) ਨੇ ਪਹਿਲੇ 10 ਮਹੀਨਿਆਂ ਅੰਦਰ ਹੀ ਪ੍ਰਭਾਵਸ਼ਾਲੀ ਕਾਰਵਾਈ ਕਰ ਵਿਖਾਈ ਹੈ। ਨਾਗਰਿਕਾਂ ਦੀ ਸੁਰੱਖਿਆ ਅਤੇ ਹਾਦਸਿਆਂ ਦੀ ਸਥਿਤੀ ਵਿਚ ਜ਼ਰੂਰੀ ਮੁਢਲੀ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ SSF, ਸਾਰੇ ਜ਼ਿਲ੍ਹਿਆਂ ਦੇ ਹਾਈਵੇ ਉਤੇ ਨਿਰੰਤਰ ਗਸ਼ਤ ਕਰਦੀ ਹੈ। ਇਹ ਹਰ 30 ਕਿਲੋਮੀਟਰ ਦੇ ਘੇਰੇ ਅੰਦਰ-ਅੰਦਰ ਤਾਇਨਾਤ ਹੁੰਦੀ ਹੈ। ਇਸ ਦਾ ਕੰਟਰੋਲ ਰੂਮ ਮੋਹਾਲੀ ਵਿੱਚ ਬਣਾਇਆ ਗਿਆ ਹੈ ਅਤੇ ਪੀੜਤ ਲੋਕ 112 ਉਪਰ ਕਾਲ ਕਰ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
ਫਰਵਰੀ 2024 ਤੋਂ, SSF ਨੇ ਰੋਜ਼ਾਨਾ 70 ਤੋਂ ਵੱਧ ਸੜਕ ਹਾਦਸਿਆਂ ਦਾ ਜਵਾਬ ਦਿਤਾ ਹੈ। ਫ਼ੋਰਸ ਨੇ ਸਿਰਫ 8 ਮਹੀਨਿਆਂ ਵਿਚ 6 ਮਿੰਟ 41 ਸਕਿੰਟ ਦੇ ਔਸਤ ਜਵਾਬ ਸਮੇਂ ਦੇ ਨਾਲ 17,469 ਪੀੜਤਾਂ ਨੂੰ ਬਚਾਇਆ ਵੀ ਹੈ। ਇਹ SSF ਦੀ ਬਦੌਲਤ ਹੀ ਹੈ ਕਿ ਅਕਤੂਬਰ ਤੱਕ ਸਾਲ 2023 ਦੇ ਮੁਕਾਬਲੇ ਸਾਲ 2024 ਵਿਚ ਮੌਤਾਂ ਵਿਚ ਲਗਭਗ 45.55% ਕਮੀ ਆਈ ਹੈ। ਇਹ ਅੰਕੜਾ ਆਏ ਦਿਨ ਹੋਰ ਬਿਹਤਰ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਟੀਚਾ 2025 ਤੱਕ ਸੜਕ ਹਾਦਸਿਆਂ ਵਿਚ ਅਜਾਈਂ ਜਾਂਦੀਆਂ ਜਾਨਾਂ ਦੀ ਦਰ 50 ਫ਼ੀਸਦੀ ਤੱਕ ਘਟਾਉਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸੜਕ ਹਾਦਸਿਆਂ ਵਿਚ ਮੌਤ ਦਰ ਘਟਾਉਣ ਅਤੇ ਜ਼ਿੰਦਗੀ ਬਚਾਉਣ ਦੇ ਮੁਢਲੇ ਕੀਮਤੀ ਸਮੇਂ (ਗੋਲਡਨ ਹਾਰਜ਼) ਦੌਰਾਨ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਅਰਸੇ ਦੌਰਾਨ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਅਤੇ ਫ਼ਰਿਸ਼ਤੇ ਸਕੀਮ ਹੇਠ ਸਿਹਤ ਵਿਭਾਗ ਨੂੰ ਨਵੀਆਂ ਐਂਬੂਲੈਂਸਾਂ ਮੁਹੱਈਆ ਕਰਵਾਉਣਾ ਇਸ ਦਿਸ਼ਾ ਵਿਚ ਵੀ ਅਹਿਮ ਕਦਮ ਚੁੱਕੇ ਗਏ ਹਨ।
ਇਸ ਤੋਂ ਇਲਾਵਾ SSF ਨੇ ਅਪਣੇ ਪਹਿਲੇ 8 ਮਹੀਨਿਆਂ ਦੌਰਾਨ ਇਕ ਸੁਰੱਖਿਅਤ ਸਮਾਜ ਨੂੰ ਯਕੀਨੀ ਬਣਾਉਣ ਲਈ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ 6 ਗੱਡੀਆਂ ਬਰਾਮਦ ਕੀਤੀਆਂ, 3 ATM ਦੀ ਲੁੱਟ ਨੂੰ ਰੋਕਿਆ, ਪਿਸਤੌਲ ਅਤੇ ਰਾਈਫਲਾਂ ਸਮੇਤ 5 ਹਥਿਆਰ ਬਰਾਮਦ ਕੀਤੇ, ਗਸ਼ਤ ਦੌਰਾਨ 6 ਕਿਲੋ ਅਫੀਮ ਅਤੇ 7 ਗ੍ਰਾਮ ਹੈਰੋਇਨ ਵੀ ਜ਼ਬਤ ਕੀਤੀ।
ਸਿਰਫ਼ 8 ਮਹੀਨਿਆਂ ਵਿੱਚ SSF ਨੇ ਜਨਤਕ ਸੁਰੱਖਿਆ ਲਈ ਸ਼ਾਨਦਾਰ ਯੋਗਦਾਨ ਦਿਤਾ ਹੈ। ਫ਼ੋਰਸ ਨੇ 60,27,414 ਨਕਦੀ ਬਰਾਮਦ ਕਰ ਕੇ ਮਾਲਕਾਂ ਨੂੰ ਵਾਪਸ ਕੀਤੀ। ਸੜਕ ਹਾਦਸਿਆਂ ਦੌਰਾਨ ਮਿਲੇ ਜਾਂ ਗੁਮ ਹੋਏ ਮੋਬਾਈਲ ਫੋਨ ਬਰਾਮਦ ਕਰ ਕੇ ਮਾਲਕਾਂ ਨੂੰ ਸੌਂਪੇ। ਕੀਮਤੀ ਗਹਿਣੇ ਬਰਾਮਦ ਕਰ ਕੇ ਮਾਲਕਾਂ ਨੂੰ ਵਾਪਸ ਕੀਤੇ।
ਧੁੰਦ ਦੇ ਮੌਸਮ ਦੀ ਚੁਨੌਤੀ ਦਾ ਸਾਹਮਣਾ ਕਰਨ ਲਈ ਵੀ ਅਗਾਊਂ ਤਿਆਰੀ ਕੀਤੀ ਗਈ ਹੈ। ਸੜਕ ਸੁਰੱਖਿਆ ਫੋਰਸ ਵੱਲੋਂ ਰਾਤ ਅਤੇ ਧੁੰਦ ਭਰੇ ਦਿਨਾਂ ਵਿੱਚ ਦਿਖਾਈ ਨੂੰ ਬਿਹਤਰ ਬਣਾਉਣ ਅਤੇ ਹਾਦਸਿਆਂ ਨੂੰ ਘਟਾਉਣ ਲਈ ਪੰਜਾਬ ਭਰ ਵਿੱਚ ਗੱਡੀਆਂ ਦੇ ਮਾਲਕਾਂ ਨੂੰ ਰਿਫਲੈਕਟਿਵ ਸਾਈਨ ਸਟਿੱਕਰ ਵੰਡੇ ਜਾ ਰਹੇ ਹਨ।
ਫ਼ੋਰਸ ਸੜਕਾਂ ’ਤੇ ਪਲਟੀਆਂ ਗੱਡੀਆਂ ਨੂੰ ਸਿੱਧਾ ਕਰਵਾਉਣ ’ਚ ਮਦਦ, ਹਾਦਸਿਆਂ ਕਾਰਨ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ, ਗੱਡੀਆਂ ਖ਼ਰਾਬ ਹੋਣ ਦੀ ਹਾਲਤ ’ਚ ਮਦਦ, ਅਚਾਨਕ ਖ਼ਰਾਬ ਪਈਆਂ ਗੱਡੀਆਂ ਨੂੰ ਸੜਕ ਤੋਂ ਹਟਾਉਣ ਅਤੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਦੇਣ ਦਾ ਕੰਮ ਕਰਦੀ ਹੈ।