
ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਸਟੇਡੀਅਮ ਨੂੰ ਜੰਗਲਾਤ ਅਤੇ ਜੰਗਲੀ ਜੀਵ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਇਸ ਦੀ ਉਸਾਰੀ ਰੋਕੀ ਜਾਵੇ।
ਮੁਹਾਲੀ - ਮੁਹਾਲੀ ਸਥਿਤ ਆਪਣੇ ਮੁਵੱਕਿਲ ਨਿਖਿਲ ਥੰਮਣ ਵੱਲੋਂ ਐਡਵੋਕੇਟ ਸੁਨੈਨਾ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਕੱਤਰ ਨੂੰ ਮੰਗ ਪੱਤਰ ਭੇਜ ਕੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿਚ ਉਸਾਰੀ ਦੀ ਗਤੀਵਿਧੀ ਨੂੰ ਰੋਕਣ ਦੀ ਮੰਗ ਕੀਤੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਸਟੇਡੀਅਮ ਨੂੰ ਜੰਗਲਾਤ ਅਤੇ ਜੰਗਲੀ ਜੀਵ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਇਸ ਦੀ ਉਸਾਰੀ ਰੋਕੀ ਜਾਵੇ।
ਉਨ੍ਹਾਂ ਕਿਹਾ ਕਿ ਮੇਰਾ ਮੁਵੱਕਲ ਕਾਨੂੰਨ ਦਾ ਵਿਦਿਆਰਥੀ ਹੈ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ (ਯੂਆਈਐਲਐਸ) ਤੋਂ ਆਪਣੀ ਪੜ੍ਹਾਈ ਕਰ ਰਿਹਾ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਅੰਤਿਮ ਸਮੈਸਟਰ ਦਾ ਵਿਦਿਆਰਥੀ ਹੈ, ਉਹ ਆਰਟੀਆਈ ਕਾਰਕੁਨ ਅਤੇ ਵਾਤਾਵਰਣ ਪ੍ਰੇਮੀ ਵੀ ਹੈ। ਆਰ.ਟੀ.ਆਈ. ਐਕਟ 2005 ਤਹਿਤ ਉੱਤਰੀ ਖੇਤਰੀ ਦਫ਼ਤਰ, ਚੰਡੀਗੜ੍ਹ (ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਕੰਟਰੋਲ ਮੰਤਰਾਲਾ) ਤੋਂ ਸੁਖਨਾ ਜੰਗਲੀ ਜੀਵ ਅਭਿਆਨ ਦੀ ਹੱਦ ਤੋਂ 10 ਕਿਲੋਮੀਟਰ ਦੇ ਅੰਦਰ ਆਉਣ ਵਾਲੇ ਪ੍ਰੋਜੈਕਟਾਂ ਦੇ ਸਬੰਧ ਵਿਚ ਜੋ ਜਾਣਕਾਰੀ ਸਾਹਮਣੇ ਆਈ ਹੈ ਨਾ ਸਿਰਫ਼ ਹੈਰਾਨ ਕਰਨ ਵਾਲੀ ਹੈ, ਬਲਕਿ ਵਿਭਾਗਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਗੜਬੜ ਜਾਪਦੀਆਂ ਹਨ ਜੋ ਐਨਬੀਡਬਲਯੂਐਲ ਤੋਂ ਲੋੜੀਂਦੀਆਂ ਇਜਾਜ਼ਤਾਂ ਲਏ ਬਿਨਾਂ ਉਸਾਰੀਆਂ ਕਰਨ ਲਈ ਜ਼ਿੰਮੇਵਾਰ ਹਨ।
ਪ੍ਰੋਜੈਕਟ ਸਾਈਟ ਸੈਕਟਰ 21 ਤੋਂ 10 ਕਿਲੋਮੀਟਰ ਦੇ ਘੇਰੇ ਵਿਚ ਆਉਂਦੀ ਹੈ, ਪੰਛੀ ਰੱਖ ਚੰਡੀਗੜ੍ਹ ਅਤੇ ਸੁਖਨਾ ਜੰਗਲੀ ਜੀਵ ਰੱਖ ਦੀ ਹੱਦ ਤੋਂ 10 ਕਿਲੋਮੀਟਰ ਦੇ ਅੰਦਰ ਵੀ ਪੈਂਦਾ ਹੈ। ਇੱਥੇ ਪਿੰਡ ਤੀੜਾ ਵਿਖੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਕਮ ਸਪੋਰਟਸ ਕੰਪਲੈਕਸ "ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ" ਵਿੱਚ ਗੈਰ-ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਨੇ ਜੰਗਲੀ ਜੀਵਾਂ ਦੀ ਕਲੀਅਰੈਂਸ ਦੇ ਨਾਲ-ਨਾਲ ਹੋਰ ਸਬੰਧਤ ਵਿਭਾਗਾਂ ਤੋਂ ਮਨਜ਼ੂਰੀਆਂ ਨਹੀਂ ਲਈਆਂ ਹਨ ਅਤੇ ਇਹ ਪ੍ਰੋਜੈਕਟ ਵਾਤਾਵਰਣ ਕਲੀਅਰੈਂਸ ਅਤੇ ਈਕੋ-ਸੰਵੇਦਨਸ਼ੀਲ ਜ਼ੋਨ ਸੀਮਾ ਨੋਟੀਫਿਕੇਸ਼ਨ ਦੀ ਵੀ ਉਲੰਘਣਾ ਕਰ ਰਿਹਾ ਹੈ।