
ਲੋਕਾਂ ਨੇ ਪ੍ਰਦੂਸ਼ਣ ਦੇ ਪ੍ਰਭਾਵਾਂ ਦੀ ਉਲੰਘਣਾ ਕਰਦੇ ਹੋਏ ਕਈ ਘੰਟਿਆਂ ਤੱਕ ਚਲਾਏ ਪਟਾਕੇ
ਚੰਡੀਗੜ੍ਹ: ਯੂ.ਟੀ. ਪ੍ਰਸ਼ਾਸ਼ਨ ਵਲੋਂ ਦੀਵਾਲੀ ਦੀ ਰਾਤ ਨੂੰ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਸ਼ਹਿਰ ’ਚ ਇਹ ਹੁਕਮ ਕੇਵਲ ਕਾਗਜ਼ੀ ਹੀ ਸਾਬਤ ਹੋਏ। ਸੋਮਵਾਰ ਸ਼ਾਮ 8 ਵਜੇ ਤੋਂ ਲੈ ਕੇ ਮੰਗਲਵਾਰ ਦੇ ਤੜਕਸਾਰ ਤੱਕ ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕਿਆਂ 'ਚ ਪਟਾਕਿਆਂ ਦੀ ਗੂੰਜ ਹੁੰਦੀ ਰਹੀ, ਜਿੱਥੇ ਲੋਕ ਪਟਾਕੇ ਚਲਾ ਰਹੇ ਸਨ, ਉਥੇ ਪੁਲਿਸ ਵਲੋਂ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਕੀਤੀ ਗਈ।
ਯੂ. ਟੀ. ਪ੍ਰਸ਼ਾਸ਼ਨ ਦੇ ਹੁਕਮਾਂ ਦੇ ਬਾਵਜੂਦ ਦੇਰ ਰਾਤ ਤੱਕ ਚੱਲ ਰਹੇ ਪਟਾਕਿਆਂ ’ਤੇ ਰੋਕ ਬਾਰੇ ਬੁੜੈਲ ਚੌਕੀ ਇੰਚਾਰਜ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲਦੀ, ਉਦੋਂ ਤੱਕ ਉਹ ਕਿਸੇ ’ਤੇ ਕਾਰਵਾਈ ਨਹੀਂ ਕਰ ਸਕਦੇ।
ਪ੍ਰਸ਼ਾਸ਼ਨ ਦੇ ਹੁਕਮ ਸਿਰਫ਼ ਰਵਾਇਤੀ ਬਿਆਨ ਤੱਕ ਹੀ ਸੀਮਤ ਰਹੇ, ਜਿਵੇਂ ਹਰ ਸਾਲ ਹੁੰਦਾ ਆ ਰਿਹਾ ਹੈ। ਲੋਕਾਂ ਵਲੋਂ ਵੀ ਨਿੱਜੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ। ਲੋਕਾਂ ਨੇ ਸਿਰਫ਼ ਆਪਣੇ ਮਨੋਰੰਜਨ ਨੂੰ ਤਰਜੀਹ ਦਿੱਤੀ ਤੇ ਪ੍ਰਦੂਸ਼ਣ ਦੇ ਪ੍ਰਭਾਵਾਂ ਦੀ ਉਲੰਘਣਾ ਕਰਦੇ ਹੋਏ ਕਈ ਘੰਟਿਆਂ ਤੱਕ ਪਟਾਕੇ ਚਲਾਏ।
ਇਕ ਅੰਦਾਜ਼ੇ ਮੁਤਾਬਕ ਸਿਰਫ਼ ਚੰਡੀਗੜ੍ਹ ’ਚ ਹੀ ਕਰੋੜਾਂ ਰੁਪਏ ਦੇ ਪਟਾਕੇ ਚਲਾਏ ਗਏ। ਇਸ ਨਾਲ ਨਾ ਸਿਰਫ਼ ਵਾਤਾਵਰਨ ਵਿਗੜਿਆ, ਸਗੋਂ ਬਜ਼ੁਰਗਾਂ, ਬੱਚਿਆਂ ਅਤੇ ਪਸ਼ੂਆਂ ਨੂੰ ਵੀ ਇਸ ਗੰਧਲੇ ਧੂੰਏਂ ਤੇ ਆਵਾਜ਼ਾਂ ਨੇ ਪ੍ਰਭਾਵਿਤ ਕੀਤਾ।