
ਛਾਪੇਮਾਰੀ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਨਾਲ ਜੁੜੇ ਸ਼ੱਕੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁਧਵਾਰ ਨੂੰ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ’ਚ ਕਈ ਸੂਬਿਆਂ ’ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੀਆਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਛਾਪੇਮਾਰੀ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਨਾਲ ਜੁੜੇ ਸ਼ੱਕੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ। ਇਹ ਛਾਪੇਮਾਰੀ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ, ਉਤਰਾਖੰਡ ਦੇ ਰੁਦਰਪੁਰ ਜ਼ਿਲ੍ਹੇ ਅਤੇ ਚੰਡੀਗੜ੍ਹ ’ਚ ਕੀਤੀ ਗਈ।
ਬਿਆਨ ’ਚ ਕਿਹਾ ਗਿਆ ਹੈ, ‘‘ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫੋਨ, ਡਿਜੀਟਲ ਉਪਕਰਣ ਅਤੇ ਦਸਤਾਵੇਜ਼ ਆਦਿ ਜ਼ਬਤ ਕੀਤੇ ਗਏ।’’ ਏਜੰਸੀ ਨੇ ਪਿਛਲੇ ਸਾਲ 9 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10/ਡੀ ਵਿਚ ਇਕ ਘਰ ’ਤੇ ਗ੍ਰਨੇਡ ਹਮਲੇ ਨਾਲ ਜੁੜੇ ਮਾਮਲੇ ਦੀ ਜਾਂਚ ਅਪਣੇ ਹੱਥ ਵਿਚ ਲੈ ਲਈ ਸੀ ਅਤੇ ਦੋਸ਼ੀ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਗ੍ਰਿਫਤਾਰ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਐਨ.ਆਈ.ਏ. ਨੂੰ ਸੌਂਪ ਦਿਤੀ ਸੀ।
ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਐਨ.ਆਈ.ਏ. ਦੀ ਹੁਣ ਤਕ ਦੀ ਜਾਂਚ ’ਚ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਅਤੇ ਅਮਰੀਕਾ ’ਚ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆਂ ਵਲੋਂ ਇਕ ਸੇਵਾਮੁਕਤ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ ਦੀ ਸਾਜ਼ਸ਼ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਬੀ.ਕੇ.ਆਈ. ਨਾਲ ਜੁੜੇ ਹੋਏ ਸਨ। ਬਿਆਨ ਮੁਤਾਬਕ ਦੋਹਾਂ ਨੇ ਹਮਲੇ ਨੂੰ ਅੰਜਾਮ ਦੇਣ ਲਈ ਇਕ ਮਾਡਿਊਲ ਨੂੰ ਪੈਸੇ, ਹਥਿਆਰ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਸੀ।