
ਤੋਹਫ਼ੇ ’ਚ ਦਿੱਤੀ ਨਵੀਂ ਗੱਡੀ, NRI ਪਰਿਵਾਰਾਂ ਨੇ ਵੀ ਦਿਤਾ ਸਾਥ
ਸੰਗਾਲਾ : ਰੋਜ਼ਾਨਾ ਸਪੋਸਕਮੈਨ ਦੀ ਟੀਮ ਪਿੰਡ ਸੰਗਾਲਾ ’ਚ ਪਹੁੰਚੀ। ਜਿਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕ ਗ੍ਰੰਥੀ ਗੁਲਜਾਰ ਸਿੰਘ ਜੋ ਪਿਛਲੇ 25 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾ ਰਿਹਾ ਹੈ। ਗ੍ਰੰਥੀ ਸਿੰਘ ਨੇ ਦਸਿਆ ਕਿ ਜਥੇਦਾਰ ਮੁਕੰਦ ਸਿੰਘ ਤੇ ਪੁੱਤਰ ਨਿਰਭੈ ਸਿੰਘ ਜੋ ਯੂਐਸਏ ਵਿਚ ਰਹਿੰਦੇ ਹਨ, ਉਨ੍ਹਾਂ ਦਾ ਮੈਂਨੂ ਫ਼ੋਨ ਆਇਆ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਬਾਬਾ ਜੀ ਤੁਹਾਨੂੰ ਨਵੀਂ ਗੱਡੀ ਭੇਟ ਕਰਨੀ ਹੈ।
ਗ੍ਰੰਥੀ ਸਿੰਘ ਨੇ ਕਿਹਾ ਕਿ ਇਹ ਗੱਲ ਸੁਣ ਕੇ ਮੈਂਨੂੰ ਬੜੀ ਹੈਰਾਨਗੀ ਹੋਈ ਤੇ ਮੇਰਾ ਮਨ ਵੀ ਬੜਾ ਭਾਵੁਕ ਹੋਇਆ। ਉਨ੍ਹਾਂ ਕਿਹਾ ਕਿ ਨਿਰਭੈ ਸਿੰਘ ਨੇ ਮੈਨੂੰ ਕਿਹਾ ਕਿ ਤੁਹਾਡੇ ਵਲੋਂ ਗੁਰੂ ਘਰ ਵਿਚ 25 ਸਾਲ ਕੀਤੀ ਮਿਹਨਤ ਦਾ ਇਹ ਇਨਾਮ ਹੈ। ਇਸ ਦੌਰਾਨ ਗੱਡੀ ਭੇਟ ਕਰਨ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪਿੰਡ ਵਾਸੀ ਮੌਜੂਦ ਸਨ। ਪ੍ਰਬੰਧਕ ਕਮੇਟੀ ਨੇ ਦਸਿਆ ਕਿ ਗੱਡੀ ਦਾ ਜਿੰਨਾ ਵੀ ਤੇਲ ਦਾ ਖ਼ਰਚਾ ਹੋਵੇਗਾ ਉਹ ਵੀ ਨਿਰਭੈ ਸਿੰਘ ਵਲੋਂ ਕੀਤਾ ਜਾਵੇਗਾ।
photo
ਗ੍ਰੰਥੀ ਸਿੰਘ ਨੇ ਕਿਹਾ ਕਿ ਪਿੰਡ ਸੰਗਾਲਾ ਦੇ ਵਾਸੀ ਬਹੁਤ ਚੰਗੇ ਹਨ ਤੇ ਉਹ ਹਮੇਸ਼ਾ ਚੰਗੇ ਮਾੜੇ ਵਖ਼ਤ ਵਿਚ ਮੇਰੇ ਨਾਲ ਖੜੇ ਹੁੰਦੇ ਆਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਮੇਰੀ ਮਦਦ ਕੀਤੀ ਹੈ ਤੇ ਭਾਈ ਨਿਰਭੈ ਸਿੰਘ ਵੀ ਮੈਨੂੰ ਫ਼ੋਨ ਕਰਦੇ ਰਹਿੰਦੇ ਹਨ ਤੇ ਹਾਲ ਚਾਲ ਪੁੱਛਦੇ ਰਹਿੰਦੇ ਹਨ ਤੇ ਉਨ੍ਹਾਂ ਵਲੋਂ ਵੀ ਮੇਰੀ ਬਹੁਤ ਵਾਰ ਮਦਦ ਕੀਤੀ ਗਈ ਹੈ।
ਗ੍ਰੰਥੀ ਸਿੰਘ ਨੇ ਕਿਹਾ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਮੇਰੀ ਪਤਨੀ ਦੀ ਮੌਤ ਹੋ ਗਈ ਸੀ ਤੇ ਮੇਰੀ ਵੀ ਕਾਫ਼ੀ ਹਾਲਤ ਗੰਭੀਰ ਸੀ ਜਿਸ ਦੌਰਾਨ ਪੂਰੇ ਨਗਰ ਨੇ ਮਿਲ ਕੇ ਮੇਰਾ ਇਲਾਜ ਕਰਵਾਇਆ। ਉਨ੍ਹਾਂ ਕਿਹਾ ਕਿ 2005 ਵਿਚ ਨਿਰਭੈ ਸਿੰਘ ਯੂਐਸਏ ਗਏ ਸਨ ਤੇ ਉਨ੍ਹਾਂ ਵਲੋਂ ਮੈਨੂੰ ਕਿਹਾ ਗਿਆ ਸੀ ਕਿ ਬਾਬਾ ਜੀ ਜਿੰਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਹਨ ਅਸੀਂ ਉਹ ਸਾਰੇ ਗੁਰਦੁਆਰਾ ਸਾਹਿਬ ਵਿਚ ਮਨਾਇਆ ਕਰਨੇ ਹਨ।
ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਨਿਰੰਤਰ ਸੇਵਾ ਉਨ੍ਹਾਂ ਵਲੋਂ ਹੀ ਚੱਲ ਰਹੀ ਹੈ। ਡਾ. ਰਣ ਸਿੰਘ ਨੇ ਕਿਹਾ ਕਿ ਮੈਂ ਨਿਰਭੈ ਸਿੰਘ ਦਾ ਧਨਵਾਦ ਕਰਦਾ ਹੈ ਜਿਨ੍ਹਾਂ ਨੇ ਗ੍ਰੰਥੀ ਗੁਲਜਾਰ ਸਿੰਘ ਜੋ ਗੁਰਦੁਆਰਾ ਸਾਹਿਬ ਵਿਚ 25 ਸਾਲ ਤੋਂ ਸੇਵਾ ਨਿਭਾਅ ਰਹੇ ਹਨ ਉਨ੍ਹਾਂ ਨੂੰ ਗੱਡੀ ਦੇ ਕੇ ਸਨਮਾਨਤ ਕੀਤਾ ਹੈ। ਉਨ੍ਹਾਂ ਦਸਿਆ ਕਿ ਨਿਰਭੈ ਸਿੰਘ ਵਲੋਂ ਸਾਨੂੰ ਕਿਹਾ ਗਿਆ ਕਿ ਬਾਬਾ ਦੀ ਤਨਖ਼ਾਹ 12000 ਰੁਪਏ ਹੈ ਜਿਸ ਵਿਚੋਂ ਉਨ੍ਹਾਂ ਵਲੋਂ ਗੱਡੀ ਵਿਚ ਤੇਲ ਪਵਾਉਣਾ ਬਹੁਤ ਔਖਾ ਹੈ
ਇਸ ਲਈ ਤੇਲ ਦਾ ਸਾਰਾ ਖ਼ਰਚਾ ਵੀ ਮੇਰੇ ਵਲੋਂ ਕੀਤਾ ਜਾਵੇਗਾ। ਇਕ ਹੋਰ ਕਮੇਟੀ ਮੈਂਬਰ ਨੇ ਕਿਹਾ ਕਿ ਗ੍ਰੰਥੀ ਗੁਲਜਾਰ ਸਿੰਘ ਆਪਣੀ ਡਿਊਟੀ ਪ੍ਰਤੀ ਬਹੁਤ ਇਮਾਨਦਾਰ ਹਨ ਤੇ ਮੈਂ ਹੋਰ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸਿੰਘਾਂ ਦਾ ਤਾਲਮੇਲ ਬਣਿਆ ਰਹੇ।