ਹਿਮਾਚਲ ਨੰਬਰ ਕਾਰ ਪਲੇਟਫਾਰਮ ਅਤੇ ਪਟੜੀਆਂ ਦੇ ਵਿਚਕਾਰ ਫਸੀ
ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਸੋਮਵਾਰ ਦੀ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਿਮਾਚਲ ਪ੍ਰਦੇਸ਼ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਰ ਰੇਲਵੇ ਪਲੇਟਫਾਰਮ ਅਤੇ ਪਟੜੀਆਂ ਦੇ ਵਿਚਕਾਰ ਫਸ ਗਈ, ਜਿਸ ਕਾਰਨ ਰੇਲਵੇ ਸਟੇਸ਼ਨ ’ਤੇ ਹਫੜਾ-ਦਫੜੀ ਮਚ ਗਈ । ਇਹ ਘਟਨਾ ਸੋਮਵਾਰ ਰਾਤ ਲਗਭਗ 3 ਵਜੇ ਵਾਪਰੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, HP22 E 4924 ਨੰਬਰ ਵਾਲੀ ਕਾਰ ’ਚ ਦੋ ਨੌਜਵਾਨ ਸਵਾਰ ਸਨ ਅਤੇ ਇਹ ਕਾਰ ਪਲੇਟਫਾਰਮ ਨੰਬਰ 1 'ਤੇ ਪਹੁੰਚੀ ਅਤੇ ਪਲੇਟਫਾਰਮ ਅਤੇ ਪਟੜੀਆਂ ਦੇ ਵਿਚਕਾਰ ਫਸ ਗਈ। ਸਟੇਸ਼ਨ 'ਤੇ ਮੌਜੂਦ ਇੱਕ ਯਾਤਰੀ ਨੇ ਘਟਨਾ ਦੀ ਵੀਡੀਓ ਬਣਾਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਵੀਡੀਓ ਬਣਾਏ ਜਾਣ ਸਮੇਂ ਇੱਕ ਨੌਜਵਾਨ ਕਾਰ ਵਿੱਚ ਮੌਜੂਦ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਬਾਅਦ ਵਿੱਚ ਕਾਰ ਨੂੰ ਸਟੇਸ਼ਨ ਅਹਾਤੇ ਦੇ ਬਾਹਰ ਖੜ੍ਹਾ ਕਰ ਦਿੱਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਰ ਸਵਾਰ ਦੋਵੇਂ ਨੌਜਵਾਨ ਨਸ਼ੇ ਵਿੱਚ ਸਨ, ਜਿਸ ਕਾਰਨ ਉਹ ਇਹ ਸਮਝਣ ਵਿੱਚ ਅਸਮਰੱਥ ਸਨ ਕਿ ਗੱਡੀ ਰੇਲਵੇ ਪਲੇਟਫਾਰਮ 'ਤੇ ਕਿਵੇਂ ਪਹੁੰਚੀ । ਖੁਸ਼ਕਿਸਮਤੀ ਨਾਲ ਜਿਸ ਸਮੇਂ ਕਾਰ ਪਲੇਟਫਾਰਮ ਅਤੇ ਪਟੜੀਆਂ ਦੇ ਵਿਚਕਾਰ ਫਸੀ ਹੋਈ ਸੀ, ਉਸ ਸਮੇਂ ਕੋਈ ਰੇਲਗੱਡੀ ਨਹੀਂ ਲੰਘ ਰਹੀ ਸੀ। ਨਹੀਂ ਤਾਂ, ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਰੇਲਵੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
