ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਵੀ ਕੀਤੀ ਜਾਵੇਗੀ ਚਰਚਾ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1 ਫਰਵਰੀ ਦੇ ਪੰਜਾਬ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ । ਮੀਟਿੰਗ ਵਿੱਚ ਸ਼ਾਮਲ ਹੋਣ ਪਹੁੰਚੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਪਾਰਟੀ ਦੀ ਰਣਨੀਤੀ ਸਾਂਝੀ ਕੀਤੀ, ਉੱਥੇ ਹੀ ਕਾਂਗਰਸ ਪਾਰਟੀ 'ਤੇ ਜ਼ੋਰਦਾਰ ਸਿਆਸੀ ਹਮਲੇ ਵੀ ਕੀਤੇ।
ਸੁਨੀਲ ਜਾਖੜ ਨੇ ਦੱਸਿਆ ਕਿ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਲਕੇ (1 ਫਰਵਰੀ) ਹੋਣ ਵਾਲੇ ਜਾਲੰਧਰ ਦੌਰੇ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ।
ਕਾਂਗਰਸ ਪਾਰਟੀ 'ਤੇ ਤੰਜ ਕੱਸਦਿਆਂ ਜਾਖੜ ਨੇ ਕਿਹਾ ਕਿ ਅੱਜ ਕਾਂਗਰਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਨ੍ਹਾਂ ਨੂੰ ਦੂਜੀਆਂ ਰੈਲੀਆਂ ਛੱਡ ਕੇ ਪਹਿਲਾਂ 'ਕਾਂਗਰਸ ਬਚਾਓ' ਰੈਲੀ ਕਰਨੀ ਚਾਹੀਦੀ ਹੈ। ਉਨ੍ਹਾਂ ਭਵਿੱਖਬਾਣੀ ਕਰਦਿਆਂ ਕਿਹਾ ਕਿ "ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੇ ਕਈ ਵੱਡੇ ਲੀਡਰ ਸਟੇਜਾਂ ਤੋਂ ਗਾਇਬ ਨਜ਼ਰ ਆਉਣਗੇ। ਅੱਗੇ-ਅੱਗੇ ਦੇਖੋ ਕੀ ਹੁੰਦਾ ਹੈ, ਲੀਡਰਾਂ ਦੇ ਸੁਰ ਹੁਣ ਤੋਂ ਹੀ ਬਦਲਣੇ ਸ਼ੁਰੂ ਹੋ ਗਏ ਹਨ।
ਜਾਖੜ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਯੂਰਪੀ ਸਮਝੌਤੇ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਪੀ.ਐਮ. ਮੋਦੀ ਦੀ ਸਿਫ਼ਤ ਇਹ ਸਾਫ਼ ਦਰਸਾਉਂਦੀ ਹੈ ਕਿ ਕਾਂਗਰਸ ਅੰਦਰ ਖ਼ਲਬਲੀ ਮਚੀ ਹੋਈ ਹੈ ਅਤੇ ਲੀਡਰਾਂ ਦੇ ਸੁਰ ਬਦਲ ਰਹੇ ਹਨ । ਉਨ੍ਹਾਂ ਮੁਤਾਬਕ ਕਾਂਗਰਸ ਦੇ ਅੰਦਰੂਨੀ ਹਾਲਾਤ ਠੀਕ ਨਹੀਂ ਹਨ ਅਤੇ ਪਾਰਟੀ ਵਿੱਚ ਵੱਡੀ ਟੁੱਟ-ਭੱਜ ਦੇ ਸੰਕੇਤ ਮਿਲ ਰਹੇ ਹਨ।
