ਕਿਹਾ, ਕਿਸਾਨਾਂ ਦਾ ਦਿੱਲੀ ਜਾਣ ਦਾ ਕੋਈ ਮਤਲਬ ਵੀ ਨਹੀਂ ਹੈ, ਆਪੋ-ਅਪਣੇ ਸੂਬੇ ’ਚ ਅਪਣੀਆਂ ਸਰਕਾਰਾਂ ਨਾਲ ਗੱਲ ਕਰਨ ਤਾਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ
ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਹੈ ਕਿ ਹਰਿਆਣਾ ਕਿਸੇ ਵੀ ਕੀਮਤ ’ਤੇ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦੇਵੇਗਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਕਿਸਾਨਾਂ ਦਾ ਦਿੱਲੀ ਜਾਣ ਦਾ ਕੋਈ ਮਤਲਬ ਵੀ ਨਹੀਂ ਹੈ। ਆਪੋ-ਅਪਣੇ ਸੂਬੇ ’ਚ ਅਪਣੀਆਂ ਸਰਕਾਰਾਂ ਨਾਲ ਗੱਲ ਕਰਨ ਤਾਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।’’ ਕਿਸਾਨਾਂ ਨੂੰ ਦਿੱਲੀ ਤਕ ਜਾਣ ਦਾ ਰਸਤਾ ਦੇਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਹੀ ਇਸ ਬਾਰੇ ਆਖ਼ਰੀ ਫੈਸਲਾ ਕਰਨਗੇ।
ਉਨ੍ਹਾਂ ਕਿਹਾ, ‘‘ਸਾਡੇ ਸੂਬੇ ’ਚ ਸਾਡੇ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿਤਾ ਹੈ। 24 ਫ਼ਸਲਾਂ ਅਸੀਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਦੇ ਹਾਂ। ਹੋਰ ਫ਼ਸਲਾਂ ਦੀ ਗੱਲ ਆਈ ਸੀ, ਜੇਕਰ ਕੋਈ ਕਿਸਾਨ ਬੀਜੇਗਾ ਤਾਂ ਉਹ ਵੀ ਖ਼ਰੀਦ ਲਵਾਂਗੇ।’’
ਪਰਾਲੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਬਾਰੇ ਸਰਕਾਰ ਸਖ਼ਤ ਅਤੇ ਪਿੱਛੇ ਜਿਹੇ ਬਲਾਕ ਦੇ 24 ਅਧਿਕਾਰੀਆਂ ’ਤੇ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਸੀ। ਪਰਾਲੀ ਸਾੜਨ ਵਾਲਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਜੁਰਮਾਨਾ ਵੀ ਲਾਇਆ ਗਿਆ ਹੈ। ਸਰਕਾਰ ਕਿਸਾਨਾਂ ਨੂੰ ਪਰਾਲੀ ਦਾ ਪ੍ਰਬੰਧ ਕਰਨ ਲਈ ਮਸ਼ੀਨਾਂ ’ਤੇ ਸਬਸਿਡੀ ਵੀ ਦੇ ਰਹੀ ਹੈ।