
ਬਾਦਲੀ ਦੇ ਸਿਰ ’ਤੇ 7 ਲੱਖ ਰੁਪਏ ਦਾ ਸੀ ਇਨਾਮ
ਗੁਰੂਗ੍ਰਾਮ : ਗੁਰੂਗ੍ਰਾਮ ਐਸਟੀਐਫ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਮੈਨਪਾਲ ਬਾਦਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਸਿਰ ’ਤੇ 7 ਲੱਖ ਰੁਪਏ ਦਾ ਇਨਾਮ ਸੀ। ਉਸ ਨੂੰ ਕੰਬੋਡੀਆ ਤੋਂ ਭਾਰਤ ਹਵਾਲਗੀ ਕਰ ਦਿੱਤਾ ਗਿਆ ਹੈ। ਐਸਟੀਐਫ ਦੇ ਇੱਕ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ।
ਮੈਨਪਾਲ ਨੂੰ ਲਗਭਗ 10 ਦਿਨ ਪਹਿਲਾਂ ਕੰਬੋਡੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕੇਂਦਰੀ ਏਜੰਸੀਆਂ ਅਤੇ ਗੁਰੂਗ੍ਰਾਮ ਐਸਟੀਐਫ ਦੀ ਇੱਕ ਸਾਂਝੀ ਟੀਮ ਨੇ ਇੱਕ ਗੁਪਤ ਕਾਰਵਾਈ ਵਿੱਚ ਉਸਨੂੰ ਫੜ ਲਿਆ ਸੀ। ਅਧਿਕਾਰੀ ਨੇ ਕਿਹਾ ਕਿ ਮੈਨਪਾਲ ਕਥਿਤ ਤੌਰ ’ਤੇ ਲੰਬੇ ਸਮੇਂ ਤੋਂ ਵਿਦੇਸ਼ ਤੋਂ ਆਪਣਾ ਗੈਂਗ ਚਲਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੈਨਪਾਲ ਨੂੰ 29 ਅਗਸਤ 2018 ਨੂੰ ਪੈਰੋਲ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ। ਉਸ ਵਿਰੁੱਧ ਕਤਲ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਉਸ ’ਤੇ ਜੇਲ੍ਹ ਵਿੱਚ ਰਹਿੰਦਿਆਂ ਕਤਲ ਕਰਨ ਦਾ ਵੀ ਦੋਸ਼ ਹੈ।